ਗੁਰਿੰਦਰ ਸਿੰਘ
ਲੁਧਿਆਣਾ, 22 ਜਨਵਰੀ
ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿੱਚ ਹੋਣ ਵਾਲੀ ਟਰੈਕਟਰ ਪਰੇਡ ਦੀਆਂ ਤਿਆਰੀਆਂ ਜ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਰਾਮਗੜ੍ਹੀਆ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸੋਹਣ ਸਿੰਘ ਗੋਗਾ ਦੀ ਅਗਵਾਈ ਹੇਠ ਜਾਗਰੂਕਤਾ ਮਾਰਚ ਕੱਢੇ ਜਾ ਰਹੇ ਹਨ। ਅੱਜ ਉਨ੍ਹਾਂ ਦੀ ਅਗਵਾਈ ਹੇਠ ਸੰਗੀਤ ਸਿਨੇਮਾ ਦੇ ਨੇੜਲੇ ਇਲਾਕਿਆਂ ਵਿੱਚ ਜਾਗਰੂਕਤਾ ਮਾਰਚ ਕੱਢ ਕੇ ਕਿਸਾਨੀ ਝੰਡਿਆਂ ਦਾ ਲੰਗਰ ਵੀ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਉਹ ਲੰਗਰ ਤੇ ਹੋਰ ਸਮੱਗਰੀ ਸਮੇਤ ਸੈਂਕੜੇ ਕਾਰਾਂ ਤੇ ਹੋਰ ਵਾਹਨਾਂ ਦਾ ਕਾਫਲਾ ਲੈ ਕੇ 25 ਜਨਵਰੀ ਨੂੰ ਸਿੰਘੂ ਬਾਰਡਰ ’ਤੇ ਪਹੁੰਚਣਗੇ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਦਿੱਲੀ ਵਿੱਚ ਟਰੈਕਟਰ ਪਰੇਡ ਦੀ ਸਫਲਤਾ ਨੂੰ ਲੈ ਕੇ ਨੇੜਲੇ ਪਿੰਡ ਆਂਡਲੂ ਵਿਖੇ ਰਾਜਦੀਪ ਸਿੰਘ ਆਂਡਲੂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਉਪਰੰਤ ਵੱਡੀ ਗਿਣਤੀ ’ਚ ਟਰੈਕਟਰਾਂ ਦਾ ਕਾਫਲਾ ਦਿੱਲੀ ਲਈ ਰਵਾਨਾ ਹੋਇਆ।
ਗੁਰੂਸਰ ਸੁਧਾਰ (ਸੰਤੋਖ ਗਿੱਲ): ਗਣਤੰਤਰ ਦਿਵਸ ਵਾਲੇ ਦਿਨ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਜੜਤੌਲੀ ਪਿੰਡ ਦੇ ਟਰੈਕਟਰਾਂ ਦਾ ਕਾਫ਼ਲਾ ਕਿਸਾਨ ਆਗੂ ਅਮਰੀਕ ਸਿੰਘ ਦੀ ਅਗਵਾਈ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਤੋਂ ਦਿੱਲੀ ਲਈ ਰਵਾਨਾ ਹੋਇਆ। ਅੱਜ ਖ਼ੁਸ਼ਕ ਬੰਦਰਗਾਹ ਸਾਹਮਣੇ ਲਗਾਤਾਰ ਕਿਸਾਨ ਧਰਨੇ ਦੀ ਅਗਵਾਈ ਰਜਿੰਦਰ ਕੌਰ, ਅਮਨਦੀਪ ਕੌਰ ਅਤੇ ਅਵਤਾਰ ਕੌਰ ਨੇ ਕੀਤੀ। ਇਸੇ ਤਰ੍ਹਾਂ ਪਿੰਡ ਸੁਧਾਰ ਤੋਂ ਅੱਜ ਸੈਂਕੜੇ ਟਰੈਕਟਰ-ਟਰਾਲੀਆਂ ਦਾ ਜਥਾ ਸਰਪੰਚ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਰਵਾਨਾ ਹੋਇਆ।
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਉਤੇ ਬਲਾਕ ਦੋਰਾਹਾ ਦੇ ਪਿੰਡ ਧਮੋਟ ਕਲਾਂ ਤੋਂ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚੋਂ ਹੁੰਦਾ ਹੋਇਆ ਟਰੈਕਟਰ ਮਾਰਚ ਮੁੜ ਰਾੜਾ ਸਾਹਿਬ ਘਲੋਟੀ ਦਾਣਾ ਮੰਡੀ ’ਚ ਪੁੱਜਾ।
ਕਿਸਾਨ ਆਗੂਆਂ ਦੇ ਦੱਸਣ ਮੁਤਾਬਿਕ ਸੈਂਕੜੇ ਟਰੈਕਟਰ ਧਮੋਟ ਕਲਾਂ ਦਾਣਾ ਮੰਡੀ ਵਿੱਚ ਇਕੱਤਰ ਹੋਏ ਜੋ 26 ਜਨਵਰੀ ਨੂੰ ਦਿੱਲੀ ਅੰਦਰ ਹੋਣ ਵਾਲੀ ਪਰੇਡ ਵਿੱਚ ਹਿੱਸਾ ਲੈਣਗੇ। ਇਸ ਮਾਰਚ ਵਿੱਚ ਹਾਕਮ ਸਿੰਘ ਜਰਗੜੀ, ਪਰਮਵੀਰ ਸਿੰਘ ਘਲੋਟੀ ਤੇ ਬਲਵੰਤ ਸਿੰਘ ਘੁਡਾਣੀ ਸਣੇ ਹੋਰ ਕਈ ਕਿਸਾਨ ਆਗੂ ਸ਼ਾਮਲ ਸਨ।
ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਲੰਗਰ ਕਿਸੇ ਵਿਦੇਸ਼ੀ ਫਡਿੰਗ ਨਾਲ ਨਹੀਂ, ਸੰਗਤ ਦੀ ਕਿਰਤ ਦੀ ਕਮਾਈ ਨਾਲ ਚੱਲਦੇ ਸੀ, ਚੱਲਦੇ ਹਨ ਅਤੇ ਚੱਲਦੇ ਰਹਿਣਗੇ। ਇਹ ਗੱਲ ਅੱਜ ਇਥੋਂ ਦੇ ਨੇੜਲੇ ਪਿੰਡ ਅਚੈੜਾਂ ਦੇ ਵਸਨੀਕ ਅਕਬਰ, ਗੁਰਪ੍ਰੀਤ ਸਿੰਘ ਰਾਜੂ ਅਤੇ ਕੁਲਦੀਪ ਸਿੰਘ ਬੱਬੂ ਨੇ ਕਰੀਬ ਦੋ ਲੱਖ ਰੁਪਏ ਦਾ ਸਾਮਾਨ ਟਰੱਕਾਂ ਰਾਹੀਂ ਰਵਾਨਾ ਕਰਦਿਆਂ ਆਖੀ। ਇਸ ਦੌਰਾਨ ਉਨ੍ਹਾਂ ਕਿਹਾ ਕਿ 7ਵੀਂ ਵਾਰ ਭੇਜੇ ਜਾ ਰਹੇ ਇਸ ਟਰੱਕ ਵਿਚ 10 ਕੁਇੰਟਲ ਆਟਾ, 5 ਕੁਇੰਟਲ ਚੀਨੀ, ਚਾਹ ਪੱਤੀ, ਸਾਬਣ, ਭੂਰੇ, ਰਜਾਈਆਂ, ਗੱਦੇ, 17 ਹਜ਼ਾਰ ਮੀਟਰ ਕਿਸਾਨੀ ਪੱਗਾਂ ਦਾ ਕੱਪੜਾ ਭੇਜਿਆ ਜਾ ਰਿਹਾ ਹੈ ਤੇ ਅੱਗੇ ਵੀ ਉਹ ਲੋੜੀਂਦਾ ਸਾਮਾਨ ਭੇਜਣਗੇ।
ਕਿਸਾਨਾਂ ਵੱਲੋਂ ਬਾਬਾ ਸੋਹਨ ਸਿੰਘ ਭਕਨਾ ਨੂੰ ਸ਼ਰਧਾਂਜਲੀਆਂ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਖੇਤੀ ਕਾਨੂੰਨ ਵਿਰੁੱਧ ਰੇਲਵੇ ਸਟੇਸ਼ਨ ’ਤੇ ਚੱਲ ਰਿਹਾ ਧਰਨਾ 113ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਅੱਜ ਸੰਘਰਸ਼ੀ ਪਿੜ ’ਚ ਗਦਰੀ ਬਾਬਾ ਸੋਹਨ ਸਿੰਘ ਭਕਨਾ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਦੌਰਾਨ ਧਰਨਾਕਾਰੀਆਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਨਿਰੰਤਰ ਚੱਲ ਰਹੀ ਭੁੱਖ ਹੜਤਾਲ ’ਤੇ ਬੁਰਜ ਨਕਲੀਆਂ ਦੇ ਪ੍ਰਧਾਨ ਕੇਹਰ ਸਿੰਘ ਦੀ ਅਗਵਾਈ ਹੇਠ ਬਲਦੇਵ ਸਿੰਘ, ਬਲਜੀਤ ਸਿੰਘ, ਚਰਨ ਸਿੰਘ, ਸ਼ੀਤਲ ਸਿੰਘ, ਜਗਰੂਪ ਸਿੰਘ ਬੈਠੇ । ਇਸੇ ਤਰ੍ਹਾਂ ਚੌਕੀਮਾਨ ਟੌਲ ’ਤੇ ਟਰੈਕਟਰ ਪਰੇਡ ਦੀਆਂ ਤਿਆਰੀਆਂ ਲਈ ਵਾਲੰਟੀਅਰਾਂ ਨੇ ਆਪਣੇ ਫਰਜ਼ਾਂ ’ਤੇ ਪਹਿਰਾ ਦਿੱਤਾ। ਇਸ ਤੋਂ ਇਲਾਵਾ ਦੋਵਾਂ ਹਲਕਿਆਂ ਦੇ ਪਿੰਡਾਂ ’ਚ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ’ਤੇ ਦਿੱਲੀ ਵੱਲ ਕੂਚ ਕਰਨ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ। ਬੇਟ ਇਲਾਕੇ ਦੇ ਸਿਰਕੱਢ ਆਗੂ ਗੁਰਮੇਲ ਸਿੰਘ ਭਰੋਵਾਲ, ਡਾ. ਸੁਖਦੇਵ ਭੂੰਦੜੀ, ਸੁਖਮਿੰਦਰ ਹੰਭੜਾ ਤੇ ਸਤਨਾਮ ਮੋਰਕਰੀਮਾਂ ਦੀ ਅਗਵਾਈ ਹੇਠ ਪਿੰਡ ਭਰੋਵਾਲ, ਭੂੰਦੜੀ, ਹੰਭੜਾ, ਕੋਟਮਾਨ, ਗੋਰਸੀਆਂ ਤੇ ਭੈਣੀ ਸਣੇ ਹੋਰਨਾਂ ਪਿੰਡਾਂ ’ਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਦਿੱਲੀ ਪਰੇਡ ਬਾਰੇ ਵਿਚਾਰ ਚਰਚਾ ਕੀਤੀ ਗਈ।
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਰੋਹ ਬਰਕਰਾਰ
ਲੁਧਿਆਣਾ (ਸਤਵਿੰਦਰ ਬਸਰਾ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਲੁਧਿਆਣਾ ਦੇ ਸਿੰਘੂ ਬਾਰਡਰ ’ਤੇ ਅੱਜ 30ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਦੁਗਰੀ ਰੋਡ ’ਤੇ ਰਿਲਾਇੰਸ ਪੈਟਰੋਲ ਪੰਪ ਅੱਗੇ ਲੱਗੇ ਇਸ ਰੋਸ ਧਰਨੇ ਦੌਰਾਨ ਲੋਕਾਂ ਨੇ ਕਿਸਾਨਾਂ ਦੇ ਸਮਰਥਨ ਅਤੇ ਕੇਂਦਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਲੋਕਾਂ ਨੇ ਆਪਣੇ ਹੱਥਾਂ ਵਿੱਚ ਵੱਖ-ਵੱਖ ਨਾਅਰੇ ਅਤੇ ਕਿਸਾਨੀ ਸੰਘਰਸ਼ ਨੂੰ ਮਜ਼ਬੂਤੀ ਦਿੰਦੀਆਂ ਲਿਖਤਾਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਕਿਸਾਨ ਆਗੂ ਗੁਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਕੇਂਦਰ ਵੱਲੋਂ ਲਿਆਂਦੇ ਤਿੰਨੋਂ ਖੇਤੀ ਕਾਨੂੰਨ ਸਿਰਫ ਕਿਸਾਨ ਹੀ ਨਹੀਂ ਸਗੋਂ ਭਾਰਤ ਦੇ ਹਰ ਨਾਗਰਿਕ ਵਿਰੋਧੀ ਕਾਨੂੰਨ ਹਨ। ਕੇਂਦਰ ਵੱਲੋਂ ਇਨ੍ਹਾਂ ਕਾਨੂੰਨਾਂ ਰਾਹੀਂ ਦੇਸ਼ ਨੂੰ ਕਾਰਪੋਰੇਟ ਦੇ ਹੱਥਾਂ ਵਿੱਚ ਲੁੱਟਣ ਲਈ ਦਿੱਤਾ ਜਾ ਰਿਹਾ ਹੈ। ਸ੍ਰੀ ਗਰੇਵਾਲ ਨੇ ਕਿਹਾ ਕਿ ਲੁਧਿਆਣਾ ਵਿੱਚ ਇਹ ਧਰਨਾ ਓਨੀ ਦੇਰ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਨਹੀਂ ਕਰਦੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਸੈਣੀ ਤੇ ਮਨਜੀਤ ਸਿੰਘ ਹਾਜ਼ਰ ਸਨ।