ਲੈਂਡ ਪੂਲਿੰਗ ਨੀਤੀ ਵਿਰੁੱਧ ਟਰੈਕਟਰ ਮਾਰਚ 16 ਨੂੰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਜੂਨ
ਲੈਂਡ ਪੂਲਿੰਗ ਨੀਤੀ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹੇ ਦੇ 32 ਪਿੰਡਾਂ ਕਿਸਾਨਾਂ, ਮਜ਼ਦੂਰਾਂ ਤੇ ਦੁਕਾਨਦਾਰਾਂ ਦੇ ਇੱਕਠ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇੱਕ ਇੰਚ ਜ਼ਮੀਨ ਵੀ ਸਰਕਾਰ ਨੂੰ ਹਥਿਆਉਣ ਨਹੀਂ ਦੇਣਗੇ। ਪਿੰਡ ਜੋਧਾਂ ਦੀ ਦਾਣਾ ਮੰਡੀ ਵਿੱਚ ਹੋਏ ਇੱਕਠ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਇਸ ਕਿਸਾਨ ਮਾਰੂ ਫ਼ੈਸਲੇ ਖ਼ਿਲਾਫ਼ 16 ਜੂਨ ਨੂੰ 10 ਵਜੇ ਹਲਕਾ ਪੱਛਮੀ ਵਿੱਚ ਸਰਕਾਰ ਖ਼ਿਲਾਫ਼ ਟਰੈਕਟਰ ਮਾਰਚ ਕੱਢਿਆ ਜਾਵੇਗਾ ਜੋ ਗਲਾਡਾ ਦਫ਼ਤਰ ਪੁੱਜ ਕੇ ਸਮਾਪਤ ਹੋਵੇਗਾ।
ਇਸ ਮੌਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਲੋਕ ਭਲਾਈ ਹੁੰਦਾ ਹੈ ਨਾ ਕਿ ਜ਼ਮੀਨਾਂ ਦੀ ਦਲਾਲੀ ਕਰਨਾ। ਅੱਜ ਸਰਕਾਰ ਨੇ ਸਿੱਖਿਆ, ਇਲਾਜ਼ ਅਤੇ ਲੋਕਾਂ ਨੂੰ ਨਿਆਂ ਦੇਣ ਵਾਲੇ ਅਦਾਰੇ ਤਾਂ ਠੇਕੇ ਉੱਤੇ ਦੇ ਰੱਖੇ ਹਨ ਪ੍ਰੰਤੂ ਹੁਣ ਕਿਸਾਨਾਂ ਦੇ ਪੁੱਤਾਂ ਤੋਂ ਪਿਆਰੇ ਉਪਜਾਊ ਖੇਤ ਖੋਹ ਕੇ ਕਾਰਪੋਰੇਟਾਂ ਨੂੰ ਦੇਣ ਲਈ ਸਰਕਾਰ ਪੱਬਾਂ ਭਾਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਇਸ ਲੁਟੇਰੇ ਗ੍ਰੋਹ ਦਾ ਸਰਗਣਾ ਬਣ ਕੇ ਵਿਚਰ ਰਿਹਾ ਹੈ ਜਦਕਿ ਹੈਰਾਨੀ ਦੀ ਗੱਲ ਹੈ ਜਿਸ ਸਰਕਾਰ ਕੋਲ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਵਿਕਾਸ ਲਈ ਧੇਲਾ ਨਾ ਹੋਵੇ, ਸਿੱਖਿਆ ਤੇ ਇਲਾਜ਼ ਲਈ ਬਜਟ ਨਾ ਹੋਵੇ, ਨਸ਼ੇੜੀ ਤੇ ਬੀਮਾਰ ਲੋਕ ਚੰਗੇ ਇਲਾਜ਼ ਖੁਣੋਂ ਮਰ ਰਹੇ ਹੋਣ ਅਤੇ ਉਹ ਸਰਕਾਰ ਕਹਿ ਰਹੀ ਹੈ ਕਿ ਪੰਜਾਬ ਦੀ 35 ਹਜ਼ਾਰ ਏਕੜ ਜ਼ਮੀਨ ਵਿੱਚ ਸੜਕਾਂ, ਲਾਈਟਾਂ ਤੇ ਪਾਰਕ ਬਣਾ ਕੇ ਦਿੱਤੇ ਜਾਣਗੇ?
ਇਸ ਮੌਕੇ ਰੁਲਦੂ ਸਿੰਘ ਮਾਨਸਾ, ਮਨਜੀਤ ਸਿੰਘ ਧਨੇਰ, ਬੂਟਾ ਸਿੰਘ ਬੁਰਜ ਗਿੱਲ, ਗੁਰਮੀਤ ਸਿੰਘ ਸੂਬਾ ਸਕੱਤਰ ਕੇਕੇਯੂ, ਪਰਮਿੰਦਰ ਸਿੰਘ ਚਲਾਕੀ ਕਿਸਾਨ ਯੂਨੀਅਨ ਰਾਜੇਵਾਲ, ਸਾਧੂ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਢੁੱਡੀਕੇ, ਪਰਕਾਸ਼ ਸਿੰਘ ਹਿੱਸੋਵਾਲ ਪ੍ਰਧਾਨ ਭੱਠਾ ਮਜ਼ਦੂਰ , ਰਘੁਬੀਰ ਸਿੰਘ ਜਮਹੂਰੀ ਕਿਸਾਨ ਸਭਾ ਸਮੇਤ ਲਗਭਗ 12 ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚੇ ਸਨ ਜਿਨ੍ਹਾਂ ਨੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਇਸ ਫ਼ੈਸਲੇ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਕਾਮਰੇਡ ਤਰਸੇਮ ਜੋਧਾਂ ਅਤੇ ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ। ਉਨਾਂ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਜਲਦੀ ਹੀ ਐਸਕੇਐਮ ਅਤੇ ਬਾਕੀ ਫੋਰਮਾਂ ਦੀ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਕਰਨੈਲ ਸਿੰਘ ਜਖੇਪਲ , ਕੌਮੀ ਇਨਸਾਫ਼ ਮੋਰਚਾ ਮੋਹਾਲੀ ਤੋਂ ਬਾਬਾ ਫਤਹਿ ਸਿੰਘ, ਬਾਬਾ ਹਰਦੀਪ ਸਿੰਘ, ਮਾਸਟਰ ਮਹਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਆਸੀ, ਸੁਖਦੇਵ ਸਿੰਘ ਸਰਪੰਚ ਦੋਲੋਂ ਕਲਾਂ,ਪਰਕਾਸ਼ ਸਿੰਘ ਸਰਪੰਚ ਜੋਧਾਂ, ਅਮਰਜੀਤ ਸਿੰਘ ਸਾਬਕਾ ਸਰਪੰਚ, ਹਰਨੇਕ ਸਿੰਘ ਗੁੱਜਰਵਾਲ, ਬਲਦੇਵ ਸਿੰਘ ਢੈਪਈ, ਬਹਾਦੁਰ ਸਿੰਘ ਸਰਪੰਚ ਮਨਸੂਰਾਂ, ਸਰਪੰਚ ਗੁਰਵਿੰਦਰ ਸਿੰਘ ਪੋਨਾ , ਪੰਮ ਜੋਧਾਂ ਐਨਆਰਆਈ ਸਭਾ, ਸਰਪੰਚ ਹਰਜੀਤ ਸਿੰਘ, ਨੌਜਵਾਨ ਸਭਾ ਦੇ ਮੈਂਬਰ ਰਾਜਾ ਜੋਧਾਂ ਵੀ ਹਾਜ਼ਰ ਸਨ।