ਜ਼ਹਿਰੀਲੀ ਸ਼ਰਾਬ: ਕੈਪਟਨ ਸਰਕਾਰ ਖ਼ਿਲਾਫ਼ ਮੁਜ਼ਾਹਰੇ

‘ਆਪ’ ਵਾਲੰਟੀਅਰਾਂ, ਵਰਕਰਾਂ ਤੇ ਅਹੁਦੇਦਾਰਾਂ ਨੇ ਮੁੱਖ ਮੰਤਰੀ ਦਾ ਅਸਤੀਫ਼ਾ ਮੰਗਿਆ

ਜ਼ਹਿਰੀਲੀ ਸ਼ਰਾਬ: ਕੈਪਟਨ ਸਰਕਾਰ ਖ਼ਿਲਾਫ਼ ਮੁਜ਼ਾਹਰੇ

ਪਾਇਲ ’ਚ ਕੈਪਟਨ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ‘ਆਪ’ ਆਗੂ ਤੇ ਵਰਕਰ।

ਦੇਵਿੰਦਰ ਸਿੰਘ ਜੱਗੀ

ਪਾਇਲ, 2 ਅਗਸਤ

ਚਾਰ ਹਫ਼ਤਿਆਂ ਵਿੱਚ ਨਸ਼ਾ ਖਤਮ ਕਰਨ ਦੀ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 80 ਦੇ ਕਰੀਬ ਵਿਅਕਤੀਆਂ ਦੀ ਜਾਨ ਚਲੀ ਜਾਣ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਬਲਜਿੰਦਰ ਸਿੰਘ ਚੌਂਦਾ ਦੀ ਅਗਵਾਈ ਵਿੱਚ ਪਾਇਲ ਸ਼ਹਿਰ ਅੰਦਰ ਰੋਸ ਮੁਜ਼ਾਹਰਾ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੀਆਂ ਨਾਜਾਇਜ਼ ਫੈਕਟਰੀਆਂ ਕਾਂਗਰਸੀ ਲੀਡਰਾਂ ਦੀਆਂ ਹਨ, ਜਿਥੇ ਨਾਜਾਇਜ਼ ਸਰਾਬ ਬਣਦੀ ਹੈ, ਜੋ ਸਸਤੇ ਭਾਅ ’ਤੇ ਲੋਕਾਂ ਵਿੱਚ ਪਰੋਸੀ ਜਾਂਦੀ ਹੈ। ਸ੍ਰੀ ਚੌਂਦਾ ਨੇ ਕਿਹਾ ਕਿ ਬਾਹੋਮਾਜਰਾ ਤੇ ਰਾਜਪੁਰਾ ਪਟਿਆਲਾ ਅੰਦਰ ਸ਼ਰਾਬ ਬਣਾਉਣ ਵਾਲੀਆਂ ਨਾਜਾਇਜ਼ ਫੈਕਟਰੀਆਂ ਫੜੀਆਂ ਹਨ ਪਰ ਕਿਸੇ ਕਾਂਗਰਸੀ ਲੀਡਰ ਦਾ ਨਾਂ ਨਹੀਂ ਆਇਆ, ਜਿਸ ਤੋਂ ਸਾਫ਼ ਮਿਲੀਭੁਗਤ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਅੰਦਰ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ ਤੋਂ ਇਲਾਵਾ ਨਾਜਾਇਜ਼ ਸ਼ਰਾਬ, ਚਿੱਟਾ, ਭੁੱਕੀ, ਅਫੀਮ ਅਤੇ ਸਿੰਥੈਟਿਕ ਨਸ਼ੇ ਸ਼ਰ੍ਹੇਆਮ ਵਿਕਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਿਤ ਹੋਈ ਹੈ। ਸ੍ਰੀ ਚੌਂਦਾ ਨੇ ਮੰਗ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇਵੇ ਕਿਉਂਕਿ ਐਕਸਾਈਜ਼ ਤੇ ਗ੍ਰਹਿ ਵਿਭਾਗ ਖੁਦ ਕੈਪਟਨ ਸਿੰਘ ਕੋਲ ਹਨ।

ਸਮਰਾਲਾ ’ਚ ਰੋਸ ਪ੍ਰਦਰਸ਼ਨ ਕਰਦੇ ਹੋਏ ‘ਆਪ’ ਵਰਕਰ।

ਸਮਰਾਲਾ, (ਡੀਪੀਐੱਸ ਬੱਤਰਾ): ਆਮ ਆਦਮੀ ਪਾਰਟੀ ਹਲਕਾ ਸਮਰਾਲਾ ਦੇ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਅੱਜ ਪਾਰਟੀ ਵਰਕਰਾਂ ਵੱਲੋਂ ਮਾਝੇ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਸਬੰਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਦਿਆਲਪੁਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸ਼ਰਾਬ ਮਾਫ਼ੀਆ ਨਾਲ ਮਿਲਕੇ ਪਿਛਲੇ 2 ਦਿਨਾਂ ਵਿੱਚ ਕਈ ਪੰਜਾਬੀਆਂ ਦੀ ਜਾਨ ਲੈ ਲਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਵਿੱਚ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ, ਜੋ ਖੁਦ ਐਕਸਾਈਜ਼ ਅਤੇ ਗ੍ਰਹਿ ਮੰਤਰਾਲਾ ਸੰਭਾਲ ਰਹੇ ਹਨ ਤੇ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀ ਕਬੂਲਦਿਆਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।

ਰਾਏਕੋਟ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ‘ਆਪ’ ਵਰਕਰ ਤੇ ਆਗੂ। ਫੋਟੋ- ਰਾਏਕੋਟੀ

ਰਾਏਕੋਟ, (ਰਾਮ ਗੋਪਾਲ ਰਾਏਕੋਟੀ): ਜ਼ਿਲ੍ਹਾ ਅੰਮ੍ਰਿਤਸਰ, ਤਰਨ ਤਾਰਨ ਅਤੇ ਬਟਾਲਾ ਵਿੱਚ ਨਾਜਾਇਜ਼ ਵਿਕਦੀ ਸ਼ਰਾਬ ਪੀਣ ਨਾਲ ਕਰੀਬ 86 ਲੋਕਾਂ ਦੀ ਹੋਈ ਮੌਤ ’ਤੇ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਪੱਧਰ ’ਤੇ ਕੈਪਟਨ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅਬਜ਼ਰਵਰ ਵਿਧਾਨ ਸਭਾ ਹਲਕਾ ਰਾਏਕੋਟ ਪ੍ਰੋ.ਤੇਜਪਾਲ ਸਿੰਘ ਗਿੱਲ ਅਤੇ ‘ਆਪ’ ਆਗੂ ਬਲੌਰ ਸਿੰਘ ਮੁੱਲਾਂਪੁਰ ਦੀ ਅਗਵਾਈ ਹੇਠ ਸਥਾਨਕ ਹਰੀ ਸਿੰਘ ਨਲਵਾ ਚੌਕ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹੋਰ ਥਾਂਵਾਂ ’ਤੇ ਵੀ ਹੁੰਦੀ ਨਸ਼ੇ ਦੀ ਤਸਕਰੀ ਕਰਦੇ ਤਸਕਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All