ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਧਨੇਰ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਪਿੰਡ ਦੇਹੜਕਾ ਵਿੱਚ ਹੋਈ। ਇਸ ਮੌਕੇ ਸੂਬਾ ਪ੍ਰਧਾਨ ਨੇ ਛੇ ਵਾਲੇ ਧਰਨਿਆਂ ਦੀ ਤਿਆਰੀ ਦਾ ਜਾਇਜ਼ਾ ਲੈ ਕੇ ਅੰਤਿਮ ਛੋਹਾਂ ਦਿੱਤੀਆਂ। ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦਿੱਤੇ ਜਾ ਰਹੇ ਧਰਨੇ ਲਾਮਿਸਾਲ ਹੋਣਗੇ। ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 6 ਅਪਰੈਲ ਨੂੰ ਸੂਬੇ ਭਰ ਵਿੱਚ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਵਿੱਚ ਡੀ ਸੀ ਦਫ਼ਤਰ ਲੁਧਿਆਣਾ ਅੱਗੇ ਵੀ ਵਿਸ਼ਾਲ ਸਾਂਝਾ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਧਰਨੇ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਬਰਬਾਦ ਕਰਨ ਵਾਲੀਆਂ ਨੀਤੀਆਂ ਅਤੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਧਰਨੇ ਵਿੱਚ ਬੀ ਕੇ ਯੂ ਡਕੌਂਦਾ ਦੇ ਵਰਕਰ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ। ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਨੇ ਦੱਸਿਆ ਕਿ ਇਨ੍ਹਾਂ ਧਰਨਿਆਂ ਰਾਹੀਂ ਕੇਂਦਰੀ ਤੇ ਸੂਬਾ ਹਕੂਮਤ ਤੋਂ ਅਮਰੀਕਾ ਨਾਲ ਕਿਸਾਨ ਅਤੇ ਲੋਕ ਵਿਰੋਧੀ ਵਪਾਰ ਸਮਝੌਤੇ ਨੂੰ ਰੱਦ ਕਰਨ, ਬਿਜਲੀ ਤੇ ਬੀਜ ਐਕਟ ਰੱਦ ਕਰਨ, ਵੀਰਾਮਜੀ ਸਕੀਮ ਰੱਦ ਕਰਕੇ ਮਗਨਰੇਗਾ ਸਕੀਮ ਬਹਾਲ ਕਰਨ, ਮਜ਼ਦੂਰ ਜਮਾਤ ਦਾ ਗਲਾ ਘੁੱਟਣ ਲਈ ਲਿਆਂਦੇ ਕਿਰਤ ਕੋਡਾਂ, ਪਾਣੀਆਂ ਦੇ ਗੰਭੀਰ ਮਸਲੇ ਦਾ ਠੋਸ ਹੱਲ ਕਰਨ, ਹੜ੍ਹ ਪੀੜਤ ਕਿਸਾਨਾਂ ਮਜ਼ਦੂਰਾਂ ਨੂੰ ਯੋਗ ਮੁਆਵਜ਼ਾ ਦੇਣ, ਦਿੱਲੀ ਕਿਸਾਨ ਸੰਘਰਸ਼ ਸਮੇਂ ਮੰਨੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ 12 ਅਪਰੈਲ ਨੂੰ ਉੱਤਰ ਪ੍ਰਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਕਿਸਾਨੀ ਮੰਗਾਂ ਲਈ ਵਿਦਵਾਨਾਂ ਵਿੱਚ ਰੱਖੀ ਵਿਸ਼ਾਲ ਕਾਨਫਰੰਸ ਵਿੱਚ ਵੀ ਉਨ੍ਹਾਂ ਦੀ ਜਥੇਬੰਦੀ ਦਾ ਵੱਡਾ ਕਾਫ਼ਲਾ ਸ਼ਾਮਲ ਹੋਵੇਗਾ। ਹਾਕਮ ਸਿੰਘ ਭੱਟੀਆਂ ਨੇ ਬੀਤੇ ਦੋ ਦਿਨਾਂ ਵਿੱਚ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਗੜੇਮਾਰੀ ਅਤੇ ਬਾਰਸ਼ ਕਾਰਨ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਦਾ ਯੋਗ ਮੁਆਵਜ਼ਾ ਕਿਸਾਨਾਂ ਮਜ਼ਦੂਰਾਂ ਨੂੰ ਤੁਰੰਤ ਦੇਣ ਦੀ ਮੰਗ ਕੀਤੀ। ਇਸ ਮੌਕੇ ਬੇਅੰਤ ਸਿੰਘ ਬਾਣੀਏਵਾਲ, ਜਸਵਿੰਦਰ ਸਿੰਘ ਭਮਾਲ, ਰਜਿੰਦਰ ਸਿੰਘ ਭਨੋਹੜ, ਅਜੀਤ ਸਿੰਘ ਧਾਂਦਰਾ, ਸਰਬਜੀਤ ਸਿੰਘ ਧੂੜਕੋਟ, ਆਤਮਾ ਸਿੰਘ ਬੱਸੂਵਾਲ ਆਦਿ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

