ਸਤਵਿੰਦਰ ਬਸਰਾ
ਲੁਧਿਆਣਾ, 3 ਜੂਨ
ਮੁੱਖ ਅੰਸ਼
- ਫੀਸਾਂ ਦੇ ਮਾਮਲੇ ਵਿੱਚ ਮਾਪਿਆਂ ਨੂੰ ਅੱਗੇ ਆਉਣ ਦੀ ਅਪੀਲ
ਪ੍ਰਾਈਵੇਟ ਸਕੂਲਾਂ ਵੱਲੋਂ ਵੱਧ ਫੀਸਾਂ ਅਤੇ ਹੋਰ ਫੰਡਾਂ ਰਾਹੀਂ ਮਾਪਿਆਂ ਦੀ ਕੀਤੀ ਜਾਂਦੀ ਲੁੱਟ ਖਸੁੱਟ ਦੇ ਵਿਰੁੱਧ ਅੱਜ ਟੀਟੂ ਬਾਣੀਏ ਨੇ ਡੀਸੀ ਦਫ਼ਤਰ ਵਿੱਚ ਬੈਠ ਕੇ ਮੁੰਡਨ ਕਰਵਾਇਆ। ਉਸ ਦਾ ਕਹਿਣਾ ਸੀ ਕਿ ਜਿੰਨੀ ਦੇਰ ਤਕ ਮਾਪੇ ਸਰਕਾਰਾਂ ਅਤੇ ਸਕੂਲ ਮਾਫੀਏ ਵਿਰੁੱਧ ਆਵਾਜ਼ ਨਹੀਂ ਉਠਾਉਦੇ ਇਹ ਲੁੱਟ ਖਤਮ ਨਹੀਂ ਹੋ ਸਕਦੀ। ਕੁਝ ਦਿਨ ਪਹਿਲਾਂ ਪੱਖੋਵਾਲ ਰੋਡ ’ਤੇ ਗਲਾਂ ਵਿਚ ਬਸਤੇ ਪਾ ਕੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵਿਰੁੱਧ ਰੋਸ ਪ੍ਰਗਟਾਉਣ ਵਾਲੇ ਟੀਟੂ ਬਾਣੀਏ ਨੇ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਸਿਰ ਦਾ ਮੁੰਡਨ ਕਰਵਾ ਕਿ ਰੋਸ ਪ੍ਰਗਟਾਇਆ। ਉਸ ਦਾ ਕਹਿਣਾ ਸੀ ਕਿ ਮਾਪੇ ਪ੍ਰਾਈਵੇਟ ਸਕੂਲਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਪਰ ਸਰਕਾਰ ਇਸ ਮਾਮਲੇ ਅਵੇਸਲੀ ਹੋਈ ਬੈਠੀ ਹੈ। ਸੂਬੇ ਦਾ ਸਿੱਖਿਆ ਮੰਤਰੀ ਆਏ ਦਿਨ ਆਪਣੇ ਬਿਆਨਾਂ ਤੋਂ ਮੁੱਕਰ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਪ੍ਰਾਈਵੇਟ ਸਕੂਲਾਂ ਵਾਲਿਆ ਨਾਲ ਰਲੀ ਹੋਈ ਹੈ। ਕਰੋਨਾ ਕਰਕੇ ਪਹਿਲਾਂ ਕਿਹਾ ਗਿਆ ਸੀ ਕਿ ਪ੍ਰਾਈਵੇਟ ਸਕੂਲ ਕੋਈ ਫੀਸ ਨਹੀਂ ਲਵੇਗਾ ਪਰ ਹੁਣ ਟਿਊਸ਼ਨ ਫੀਸ ਹੀ ਲੈਣ ਲਈ ਕਿਹਾ ਜਾ ਰਿਹਾ ਹੈ। ਫੀਸਾਂ ਲੈਣ ਵਾਲੇ ਸਕੂਲਾਂ ਦੇ ਲਾਇਸੈਂਸ ਰੱਦ ਕਰਨ ਲਈ ਕਿਹਾ ਜਾਂਦਾ ਸੀ ਪਰ ਕਿਸੇ ਦਾ ਲਾਇਸੈਂਸ ਰੱਦ ਨਹੀਂ ਕੀਤਾ ਗਿਆ। ਸ੍ਰੀ ਬਾਣੀਆ ਨੇ ਕਿਹਾ ਕਿ ਜਿੰਨੀ ਦੇਰ ਤਕ ਮਾਪੇ ਅੱਗੇ ਨਹੀਂ ਆਉਂਦੇ ਸਕੂਲਾਂ ਵਾਲਿਆਂ ਦੀ ਲੁੱਟ ਤੋਂ ਬਚਾਉਣਾ ਔਖਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਕਿ ਉਹ ਪ੍ਰਾਈਵੇਟ ਸਕੂਲਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਮਾਪਿਆਂ ਦਾ ਹੱਥ ਫੜਨ।