ਗਗਨਦੀਪ ਅਰੋੜਾ
ਲੁਧਿਆਣਾ, 6 ਅਕਤੂਬਰ
ਲਾਡੋਵਾਲ ਪੁਲ ਦੇ ਉਪਰ ਵੀਰਵਾਰ ਦੀ ਸਵੇਰੇ ਇੱਕ ਤੇਜ਼ ਰਫ਼ਤਾਰ ਟਿੱਪਰ ਲਾਵਾਰਸ ਪਸ਼ੂ ਨੂੰ ਬਚਾਉਂਦਾ ਹੋਇਆ ਬੇਕਾਬੂ ਹੋ ਕੇ ਰੇਲਿੰਗ ਤੋੜਦਾ ਹੋਇਆ ਦੂਸਰੇ ਪਾਸੇ ਜਾ ਕੇ ਸਾਹਮਣੇ ਤੋਂ ਆ ਰਹੇ ਟਿੱਪਰ ਵਿੱਚ ਜਾ ਵੱਜਿਆ। ਇੰਨਾ ਹੀ ਨਹੀਂ ਦੋਵੇਂ ਟਿੱਪਰਾਂ ਦੀ ਲਪੇਟ ’ਚ ਉਥੋਂ ਗੁਜ਼ਰ ਰਹੀ ਇੱਕ ਬੋਲੇਰੋ ਅਤੇ ਹੋਰ ਗੱਡੀ ਵੀ ਹਾਦਸਾਗ੍ਰਸਤ ਹੋ ਗਈ। ਪੁਲੀਸ ਦੇ ਆਉਣ ਤੋਂ ਬਾਅਦ ਆਪਸ ’ਚ ਵੀ ਗੱਡੀ ਚਾਲਕ ਸਮਝੌਤਾ ਕਰ ਚਲੇ ਗਏ। ਇਸ ਦੌਰਾਨ 2 ਲੋਕਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਸਨ। ਜਿਨ੍ਹਾਂ ਦੀ ਪਛਾਣ ਭਿੰਦਾ ਅਤੇ ਕਾਲਾ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਨੂੰ ਨੇੜੇ ਦੇ ਹਸਪਤਾਲ ’ਚ ਇਲਾਜ ਲਈ ਭੇਜਿਆ ਗਿਆ। ਜਾਣਕਾਰੀ ਅਨੁਸਾਰ ਫਿਲੌਰ ਤੋਂ ਮਿੱਟੀ ਦਾ ਟਿੱਪਰ ਭਰ ਕੇ ਲੁਧਿਆਣਾ ਸ਼ਹਿਰ ਵੱਲ ਜਾ ਰਿਹਾ ਸੀ। ਇੰਨੇ ਵਿੱਚ ਲਾਡੋਵਾਲ ਪੁਲ ’ਤੇ ਇੱਕ ਲਾਵਾਰਸ ਪਸ਼ੂ ਟਿੱਪਰ ਦੇ ਸਾਹਮਣੇ ਆ ਗਿਆ। ਟਿੱਪਰ ਚਾਲਕ ਨੇ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟਿੱਪਰ ਚਾਲਕ ਦਾ ਸਟੇਰਿੰਗ ਫਰੀ ਹੋ ਗਿਆ। ਸਟੇਰਿੰਗ ਫਰੀ ਹੋਣ ਕਾਰਨ ਉਹ ਸਾਹਮਣੇ ਤੋਂ ਆ ਰਹੇ ਖਾਲੀ ਟਿੱਪਰ ਨਾਲ ਟਕਰਾ ਗਿਆ। ਉਧਰ ਕੋਲੋਂ ਲੰਘ ਰਹੇ 2 ਹੋਰ ਵਾਹਨ ਵੀ ਹਾਦਸਾਗ੍ਰਸਤ ਹੋ ਗਏ। ਮੌਕੇ ’ਤੇ ਲੋਕਾਂ ਨੇ ਟਿੱਪਰ ਤੋਂ 2 ਵਿਅਕਤੀਆਂ ਨੂੰ ਬਾਹਰ ਕੱਢਿਆ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ। ਜੋ ਟਿੱਪਰ ਆਪਸ ’ਚ ਟਕਰਾਏ ਸਨ, ਉਹ ਇੱਕ ਹੀ ਕੰਪਨੀ ਦੇ ਹਨ। ਘਟਨਾ ਸਥਾਨ ’ਤੇ ਕੁਝ ਦੇਰ ਲਈ ਟ੍ਰੈਫਿਕ ਜਾਮ ਹੋ ਗਿਆ। ਥਾਣਾ ਲਾਡੋਵਾਲ ਦੀ ਪੁਲੀਸ ਨੇ ਜਾਮ ਖੁੱਲ੍ਹਵਾਇਆ ਤੇ ਹਾਦਸਾਗ੍ਰਸਤ ਗੱਡੀ ਨੂੰ ਥਾਣੇ ਪਹੁੰਚਾਇਆ। ਥਾਣਾ ਲਾਡੋਵਾਲ ਦੇ ਐੱਸਐੱਚਓ ਸਬ ਇੰਸਪੈਕਟਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਸੀ, ਪਰ ਦੋਵੇਂ ਪੱਖਾਂ ਵੱਲੋਂ ਸਮਝੌਤਾ ਕਰ ਲਿਆ ਗਿਆ ਤੇ ਬਿਨਾਂ ਕਾਰਵਾਈ ਕਰਵਾਏ ਸਾਰੇ ਚਲੇ ਗਏ।
ਸੜਕ ਹਾਦਸੇ ‘ਚ ਬਜ਼ੁਰਗ ਔਰਤ ਜ਼ਖ਼ਮੀ
ਲੁਧਿਆਣਾ : ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੂੰ ਨਿਊ ਸ਼ਿਵਾਜੀ ਨਗਰ ਵਾਸੀ ਸੰਜੇ ਸ਼ਰਮਾ ਨੇ ਦੱਸਿਆ ਹੈ ਕਿ ਉਸ ਦੀ ਮਾਤਾ ਪੁਸ਼ਪਾ ਰਾਣੀ (70 ਸਾਲ) ਤੜਕੇ ਸੈਰ ਕਰਨ ਲਈ ਗਲੀ ਨੰਬਰ 14 ਵਿਚੋਂ ਬਾਹਰ ਗੰਦੇ ਨਾਲੇ ਵੱਲ ਜਾ ਰਹੀ ਸੀ ਤਾਂ ਦੂਜੇ ਪਾਸਿਓਂ ਬਿਨਾਂ ਹਾਰਨ ਦਿੱਤੇ ਮੋਟਰਸਾਈਕਲ ਸਵਾਰ ਨੌਜਵਾਨ ਆਇਆ। ਉਸ ਨੇ ਤੇਜ਼ ਰਫ਼ਤਾਰੀ ਨਾਲ ਮਾਤਾ ਵਿੱਚ ਟੱਕਰ ਮਾਰੀ ਜਿਸ ਨਾਲ ਉਹ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਸੀਐੱਮਸੀ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਪੁਲੀਸ ਵੱਲੋਂ ਨਾਮਲੂਮ ਵਿਅਕਤੀ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ