ਮੋਟਰਸਾਈਕਲ ਚੋਰ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 19 ਜੂਨ
ਸਥਾਨਕ ਪੁਲੀਸ ਨੇ ਮੋਟਰਸਾਈਕਲ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ ਚੋਰੀ ਦੇ ਨੌਂ ਮੋਟਰਸਾਈਕਲ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਪ੍ਰਗਟ ਸਿੰਘ ਉਰਫ਼ ਕਾਲਾ ਵਾਸੀ ਭੱਟੀਆਂ, ਪ੍ਰਦੀਪ ਸਿੰਘ ਉਰਫ਼ ਦੀਪਾ ਵਾਸੀ ਟਾਂਡਾ ਕੁਸ਼ਲ ਸਿੰਘ ਵਜੋਂ ਹੋਈ ਹੈ, ਜਦਕਿ ਇਨ੍ਹਾਂ ਵਿੱਚ ਇੱਕ ਨਾਬਾਲਗ ਲੜਕਾ ਸ਼ਾਮਲ ਹੈ।
ਅੱਜ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਡਾ. ਜੋਤੀ ਯਾਦਵ, ਐੱਸਪੀਡੀ ਪਵਨਜੀਤ, ਡੀਐੱਸਪੀ ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲੀਸ ਪਾਰਟੀ ਵੱਲੋਂ ਸ਼ੱਕੀ ਪੁਰਸ਼ਾਂ ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਗਸ਼ਤ ਦੌਰਾਨ ਸਹਾਇਕ ਥਾਣੇਦਾਰ ਪਵਨਜੀਤ ਨੇ ਮੁਖਬਰ ਦੀ ਸੂਹ ਦੇ ਆਧਾਰ ’ਤੇ ਕਪੂਰ ਪੈਲੇਸ ਨੇੜੇ ਨਾਕਾ ਲਾ ਕੇ ਜਾਂਚ ਦੌਰਾਨ ਪ੍ਰਗਟ ਸਿੰਘ ਕਾਲਾ ਤੇ ਉਸ ਨਾਲ ਨਾਬਾਲਗ ਲੜਕੇ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਸਣੇ ਗ੍ਰਿਫ਼ਤਾਰ ਕੀਤਾ, ਜਦਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਮੇਜਰ ਸਿੰਘ ਵਾਸੀ ਭਮਾ ਕਲਾ ਪੁਲੀਸ ਨੂੰ ਦੇਖ ਕੇ ਮੋਟਰਸਾਈਕਲ ਭਜਾ ਕੇ ਲੈ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਵਿੱਚ ਪ੍ਰਦੀਪ ਸਿੰਘ ਉਰਫ਼ ਦੀਪਾ ਵੀ ਸ਼ਾਮਲ ਹੈ, ਜਿਸ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਥਾਣਾ ਮੁਖੀ ਅਨੁਸਾਰ ਮੁਲਜ਼ਮਾਂ ਤੋਂ ਚੋਰੀ ਦੇ ਨੌਂ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਇਸ ਮੌਕੇ ਕਰਨੈਲ ਸਿੰਘ, ਅਮਰਜੀਤ ਸਿੰਘ (ਦੋਵੇਂ ਸਹਾਇਕ ਥਾਣੇਦਾਰ), ਮੁਨਸ਼ੀ ਸੁਖਦੀਪ ਸਿੰਘ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਜਗਦੇਵ ਸਿੰਘ ਹਾਜ਼ਰ ਸਨ।
ਨਾਬਾਲਗ ਲੜਕਾ ਵਾਹਨ ਕਰਦਾ ਸੀ ਚੋਰੀ
ਮਾਛੀਵਾੜਾ ਪੁਲੀਸ ਅਨੁਸਾਰ ਚੋਰ ਗਰੋਹ ਵਿੱਚ ਸ਼ਾਮਲ ਨਾਬਾਲਗ ਲੜਕਾ ਲੁਧਿਆਣਾ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਦਾ ਸੀ। ਗਰੋਹ ਦੇ ਮੈਂਬਰ ਮੋਟਰਸਾਈਕਲ ਚੋਰੀ ਕਰਨ ਦੀ ਰੇਕੀ ਕਰਦੇ ਸਨ ਅਤੇ ਇਸ ਨੂੰ ਚੋਰੀ ਕਰਨ ਲਈ ਨਾਬਾਲਗ ਲੜਕੇ ਨੂੰ ਭੇਜਦੇ ਸਨ ਤਾਂ ਜੋ ਜੇਕਰ ਇਹ ਫੜਿਆ ਜਾਵੇ ਤਾਂ ਲੋਕ ਇਸ ਨੂੰ ਤਰਸ ਕਰਕੇ ਛੱਡ ਦੇਣ। ਥਾਣਾ ਮੁਖੀ ਨੇ ਦੱਸਿਆ ਕਿ ਫਿਲਹਾਲ ਚੋਰੀ ਦੇ ਅੱਠ ਮੋਟਰਸਾਈਕਲ ਤੇ ਇੱਕ ਐਕਟਿਵਾ ਬਰਾਮਦ ਹੋਈ ਹੈ। ਗਰੋਹ ਦੇ ਮੈਂਬਰ ਪਰਵਾਸੀ ਮਜ਼ਦੂਰਾਂ ਨੂੰ ਮਹਿੰਗੇ ਭਾਅ ਦਾ ਮੋਟਰਸਾਈਕਲ ਸਿਰਫ਼ 5-10 ਹਜ਼ਾਰ ਰੁਪਏ ਘੱਟ ਭਾਅ ’ਤੇ ਵੇਚ ਦਿੰਦੇ ਸਨ। ਉਨ੍ਹਾਂ ਕਿਹਾ ਕਿ ਪੁੱਛ ਪੜਤਾਲ ਜਾਰੀ ਹੈ ਅਤੇ ਚੋਰੀ ਦੀਆਂ ਹੋਰ ਘਟਨਾਵਾਂ ਦਾ ਖੁਲਾਸਾ ਵੀ ਹੋ ਸਕਦਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਚੋਰ ਗਰੋਹ ਦਾ ਮੈਂਬਰ ਪ੍ਰਗਟ ਸਿੰਘ ’ਤੇ ਪਹਿਲਾਂ ਵੀ ਚੋਰੀ ਤੇ ਨਸ਼ਿਆਂ ਦੇ ਕਰੀਬ ਤਿੰਨ ਮਾਮਲੇ ਦਰਜ ਹਨ। ਥਾਣਾ ਮੁਖੀ ਨੇ ਕਿਹਾ ਕਿ ਗਰੋਹ ਦੇ ਚੌਥੇ ਮੈਂਬਰ ਮੇਜਰ ਸਿੰਘ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।