
ਡੀਪੀ ਐੱਸ ਬੱਤਰਾ
ਸਮਰਾਲਾ, 2 ਦਸੰਬਰ
ਹੇਡੋਂ ਨੇੜੇ ਹੋਏ ਸੜਕ ਹਾਦਸੇ ’ਚ ਪਸ਼ੂਆਂ ਲਈ ਚਾਰਾ ਲੈਣ ਜਾਂਦੇ ਸਮੇਂ ਮਾਂ-ਧੀ ਦੀ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਲਪੇਟ ’ਚ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਨੇ ਵੀ ਮੌਕੇ ’ਤੇ ਹੀ ਦਮ ਤੋੜ ਦਿੱਤਾ, ਉਸ ਦੇ ਇੱਕ ਹੋਰ ਸਾਥੀ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਹੇਡੋਂ ਨੇੜੇ ਅੱਜ ਕਰੀਬ 12 ਵਜੇ ਸੁਖਵਿੰਦਰ ਕੌਰ (46) ਤੇ ਉਸ ਦੀ ਧੀ ਹਰਪ੍ਰੀਤ ਕੌਰ (20) ਪਸ਼ੂਆਂ ਲਈ ਖੇਤਾਂ ਵਿੱਚੋਂ ਚਾਰਾ ਲੈਣ ਲਈ ਸੜਕ ਕਿਨਾਰੇ ਜਾ ਰਹੀਆਂ ਸਨ। ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਵਾਪਰੇ ਇਸ ਹਾਦਸੇ ਦੌਰਾਨ ਅਚਾਨਕ ਪਿੱਛੇ ਤੋਂ ਆ ਰਿਹਾ ਤੇਜ਼ ਰਫ਼ਤਾਰ ਮੋਟਰਸਾਈਕਲ ਦੋਵਾਂ ਮਾਂ-ਧੀ ਨੂੰ ਘੜੀਸਦਾ ਹੋਇਆ ਦੂਰ ਤੱਕ ਲੈ ਗਿਆ। ਇਸ ਹਾਦਸੇ ਵਿੱਚ ਦੋਵਾਂ ਜਣੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਵੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ, ਜਦੋਂਕਿ ਉਸ ਦੇ ਸਾਥੀ ਦੀ ਹਾਲਤ ਵੀ ਗੰਭੀਰ ਹੈ। ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਮੁੱਢਲੀ ਡਾਕਟਰੀ ਸਹਾਇਤਾ ਉਪਰੰਤ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।
ਹਾਦਸੇ ਵਿੱਚ ਮਰਨ ਵਾਲੇ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਤੇ ਉਸ ਦਾ ਜ਼ਖ਼ਮੀ ਸਾਥੀ ਲੁਧਿਆਣਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਮ੍ਰਿਤਕ ਮਾਂ-ਧੀ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਨ੍ਹਾਂ ਦੀਆਂ ਲਾਸ਼ਾਂ ਪਰਿਵਾਰ ਹਵਾਲੇ ਕਰ ਦਿੱਤੀਆਂ ਹਨ। ਨੌਜਵਾਨ ਦੀ ਲਾਸ਼ ਨੂੰ ਫ਼ਿਲਹਾਲ ਮੋਰਚਰੀ ਵਿੱਚ ਰੱਖਿਆ ਗਿਆ ਹੈ ਤੇ ਵਾਰਸਾਂ ਦੀ ਉਡੀਕ ਕੀਤੀ ਜਾ ਰਹੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ
ਜ਼ਰੂਰ ਪੜ੍ਹੋ