ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਮਈ
ਐਸਟੀਐਫ ਲੁਧਿਆਣਾ ਨੇ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਟੀਐਫ ਦੇ ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਫਿਰੋਜ਼ਪੁਰ ਰੋਡ ‘ਤੇ ਪਿੰਡ ਝਾਂਡੇ ਲਾਗੇ ਨਾਕੇ ਦੌਰਾਨ ਕਾਰ ਵਿਚ ਆ ਰਹੇ ਸ਼ੁਭਮ ਸਿੱਧੂ ਉਰਫ਼ ਗੰਜੂ ਵਾਸੀ ਘੋੜਾ ਕਾਲੋਨੀ, ਸੋਨੂ ਵਾਸੀ ਡਾ. ਅੰਬੇਦਕਰ ਕਾਲੋਨੀ ਅਤੇ ਦੀਪਕ ਕੁਮਾਰ ਉਰਫ਼ ਬੱਬੂ ਵਾਸੀ ਗਲੀ ਨੰਬਰ-1 ਹਰਿਗੋਬਿੰਦ ਨਗਰ ਨੂੰ 1 ਕਿਲੋ 600 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨੂੰ ਸੂੁਚਨਾ ਮਿਲੀ ਸੀ ਕਿ ਫਿਰੋਜ਼ਪੁਰ ਵੱਲੋਂ ਇਕ ਕਾਰ ਨੰਬਰ ਪੀਬੀ10 ਵੀ1567 ‘ਚ ਕੁੱਝ ਲੋਕ ਲੁਧਿਆਣਾ ਵੱਲ ਹੈਰੋਇਨ ਸਮੇਤ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਜਦੋਂ ਪੁਲੀਸ ਪਾਰਟੀ ਨੇ ਕਾਰ ਨੂੰ ਰੋਕ ਕੇ ਏਸੀਪੀ ਅਜੇ ਕੁਮਾਰ ਦੀ ਦੇਖ-ਰੇਖ ਹੇਠ ਤਲਾਸ਼ੀ ਲਈ ਤਾਂ ਉਸ ਵਿਚੋਂ 1 ਕਿਲੋ 600 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਮੁਤਾਬਕ ਮੁੱਢਲੀ ਪੁੱਛਗਿੱਛ ਦੌਰਾਨ ਸ਼ੁਭਮ ਨੇ ਦੱਸਿਆ ਹੈ ਕਿ ਉਹ ਵਿਹਲਾ ਰਹਿੰਦਾ ਸੀ ਤੇ ਇਸ ਕਰਕੇ ਉਹ ਨਸ਼ਾ ਤਸਕਰੀ ਦੇ ਕੰਮ ਵਿੱਚ ਲੱਗ ਗਿਆ। ਉਸ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਨਸ਼ਾ ਤਸਕਰੀ ਤੇ ਅਸਲਾ ਐਕਟ ਅਧੀਨ ਕੇਸ ਚੱਲ ਰਹੇ ਹਨ ਤੇ ਉਹ 2020 ਵਿੱਚ ਜੇਲ੍ਹ ਤੋਂ ਬਾਹਰ ਆਇਆ ਸੀ। ਡਿੰਪਲ ਕੁਮਾਰ ਨੇ ਦੱਸਿਆ ਕਿ ਉਹ ਕਿਰਾਏ ਤੇ ਕਾਰ ਲੈ ਕੇ ਟੈਕਸੀ ਚਲਾਉਂਦਾ ਹੈ। ਉਸ ਖ਼ਿਲਾਫ਼ ਕਤਲ ਦਾ ਇਕ ਮਾਮਲਾ ਦਰਜ ਹੈ। ਇਨ੍ਹਾਂ ਦਾ ਤੀਜਾ ਸਾਥੀ ਸੋਨੂੰ ਵੀ ਟੈਕਸੀ ਚਾਲਕ ਹੈ। ਪੁਲੀਸ ਮੁਤਾਬਕ ਇਹ ਤਿੰਨੋਂ ਜਣੇ ਚਾਰ-ਪੰਜ ਸਾਲ ਤੋਂ ਨਸ਼ਾ ਤਸਕਰੀ ਦੇ ਧੰਦੇ ਵਿਚ ਲੱਗੇ ਹੋਏ ਸਨ। ਉਹ ਸਸਤੇ ਭਾਅ ਤੇ ਹੈਰੋਇਨ ਫਿਰੋਜ਼ਪੁਰ ਤੋਂ ਲਿਆਉਂਦੇ ਹਨ ਤੇ ਇੱਥੇ ਮਹਿੰਗੇ ਭਾਅ ਤੇ ਵੇਚ ਦਿੰਦੇ ਹਨ। ਅੱਜ ਫੜੀ ਗਈ ਇਹ ਹੈਰੋਇਨ ਵੀ ਫਿਰੋਜ਼ਪੁਰ ਤੋਂ ਰਾਹੁਲ ਨਾਮ ਦੇ ਵਿਅਕਤੀ ਤੋਂ ਲੈ ਕੇ ਆਏ ਹਨ। ਪੁਲੀਸ ਨੇ ਦੱਸਿਆ ਕਿ ਸ਼ੁਭਮ ਸਿੱਧੂ ਦਾ ਭਰਾ ਤਰੁਣ ਸਿੱਧੂ ਨੂੰ ਛੇ ਮਹੀਨੇ ਪਹਿਲਾਂ ਐਸਟੀਐਫ ਨੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ ਜੋ ਹੁਣ ਕੇਂਦਰੀ ਜੇਲ੍ਹ ਵਿੱਚ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਹੀ ਵੱਖ ਵੱਖ ਥਾਣਿਆਂ ਵਿੱਚ ਚਾਰ ਦੇ ਕਰੀਬ ਮੁਕੱਦਮੇ ਚੱਲ ਰਹੇ ਹਨ।