ਜਗਰਾਉਂ: ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੇ ਵੱਖ-ਵੱਖ ਥਾਂਵਾਂ ਤੋਂ 75 ਗ੍ਰਾਮ ਹੈਰੋਇਨ, 30 ਲਿਟਰ ਲਾਹਣ ਅਤੇ 55 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਵਿੱਚ ਇਕ ਵੀ ਸ਼ਾਮਲ ਹੈ। ਥਾਣਾ ਸੀਆਈਏ ਦੇ ਇੰਸਪੈਕਟਰ ਹੀਰਾ ਸਿੰਘ ਨੇ ਪੁਲੀਸ ਨੂੰ ਦੌਰਾਨੇ ਗਸ਼ਤ ਸ਼ਾਮ ਵੇਲੇ ਕਰੀਬ 6:15 ਦੇ ਕਰੀਬ ਗੁਪਤ ਸੂਚਨਾ ਮਿਲੀ ਕਿ ਹੈਰੋਇਨ ਤਸਕਰੀ ’ਚ ਸਰਗਰਮ ਜਗਤਾਰ ਸਿੰਘ ਉਰਫ ਜੱਗਾ ਵਾਸੀ ਅਗਵਾੜ ਕੋਠੇ ਪੋਨਾ (ਜਗਰਾਉਂ) ਆਪਣੇ ਸਾਥੀ ਹਰਪ੍ਰੀਤ ਸਿੰਘ ਵਾਸੀ ਅਖਾੜਾ ਹੈਰੋਇਨ ਦੀ ਖੇਪ ਸਮੇਤ ਸਾਇੰਸ ਕਾਲਜ ਨਾਲ ਲੱਗਦੇ ਸ਼ਮਸ਼ਾਨ ਘਾਟ ’ਚ ਬੈਠੇ ਹਨ। ਪੁਲੀਸ ਨੇ ਦੱਸੀ ਥਾਂ ’ਤੇ ਛਾਪਾ ਮਾਰ ਕੇ ਦੋਵਾਂ ਨੂੰ ਕਾਬੂ ਕਰ ਉਨ੍ਹਾਂ ਕੋਲੋਂ 75 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਹਠੂਰ ਦੇ ਏ.ਐਸ.ਆਈ ਜਗਜੀਤ ਸਿੰਘ ਨੇ ਆਪਣੇ ਅਧਿਕਾਰ ਖੇਤਰ ਦੇ ਪਿੰਡ ਦੇਹੜਕਾ ਦੇ ਰਾਮ ਸਿੰਘ ਉਰਫ ਰਾਮੂ ਦੇ ਘਰ ਛਾਪਾਮਾਰੀ ਕਰਕੇ 30 ਲਾਹਣ ਅਤੇ 5 ਬੋਤਲਾਂ ਸ਼ਰਾਬ ਬਰਾਮਦ ਕੀਤੀ। ਇੱਕ ਹੋਰ ਮਾਮਲੇ ’ਚ ਏਐੱਸਆਈ ਨਸੀਬ ਚੰਦ ਨੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੀ ਸ਼ਿੰਦੋ ਬਾਈ ਵਾਸੀ ਮਲਸੀਹਾਂ ਬਾਜਣ ਨੂੰ ਨਹਿਰੀ ਪੱਟੜੀ ਤੋਂ ਹਿਰਾਸਤ ’ਚ ਲੈ ਕੇ ਉਸ ਕੋਲੋਂ 50 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। -ਪੱਤਰ ਪ੍ਰੇਰਕ