ਗੁਰਿੰਦਰ ਸਿੰਘ
ਲੁਧਿਆਣਾ, 20 ਸਤੰਬਰ
ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਦੇ ਪਰਿਵਾਰਕ ਮੈਂਬਰਾਂ ਨੂੰ ਬੇਹੋਸ਼ ਕਰਕੇ ਕਰੋੜਾਂ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ, ਲੱਖਾਂ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਲੁੱਟਣ ਵਾਲੇ ਨੇਪਾਲੀ ਨੌਕਰ ਸਣੇ ਤਿੰਨ ਜਣਿਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਲੁੱਟਿਆ ਸਾਮਾਨ ਬਰਾਮਦ ਕਰ ਲਿਆ ਹੈ। ਇੱਥੇ ਅੱਜ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲੀਸ ਵੱਲੋਂ ਇਹ ਵਾਰਦਾਤ ਕਰਨ ਵਾਲੇ ਨੌਕਰ ਕਰਨ ਬਾਹਦਰ ਵਾਸੀ ਪਿੰਡ ਲਾਲਪੁਰ ਜ਼ਿਲ੍ਹਾ ਦੰਗੜੀ, (ਨੇਪਾਲ) ਅਤੇ ਇਸ ਦੇ ਦੋ ਸਾਥੀਆਂ ਸਰਜਨ ਸ਼ਾਹੀ ਵਾਸੀ ਪਿੰਡ ਵਿਜੈਪੁਰ, ਨੇਪਾਲ ਗੰਜ ਜ਼ਿਲ੍ਹਾ ਬਾਕੇ, (ਨੇਪਾਲ) ਅਤੇ ਕਿਸ਼ਨ ਬਹਾਦਰ ਵਾਸੀ ਅਛਾਮ ਥਾਣਾ ਚੋਰਪਾਟੀ (ਨੇਪਾਲ) ਨੂੰ ਦਿੱਲੀ ਪੁਲੀਸ ਨਾਲ ਮਿਲ ਕੇ ਕੀਤੇ ਸਾਂਝੇ ਅਪਰੇਸ਼ਨ ਤਹਿਤ ਥਾਣਾ ਪੜਪੜ ਗੰਜ, ਨਵੀਂ ਦਿੱਲੀ ਤੋਂ ਕਾਬੂ ਕੀਤਾ ਹੈ। । ਉਨ੍ਹਾਂ ਦੱਸਿਆ ਕਿ ਤਿੰਨਾਂ ਨੂੰ ਰਾਹਦਾਰੀ ਰਿਮਾਂਡ ਰਾਹੀਂ ਇੱਥੇ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ 24 ਘੰਟੇ ਦੇ ਅੰਦਰ ਹੀ ਘਟਨਾ ਨੂੰ ਹੱਲ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਮਗਰੋਂ ਜਸਕਿਰਨਜੀਤ ਸਿੰਘ ਤੇਜਾ ਡਿਪਟੀ ਕਮਿਸ਼ਨਰ ਪੁਲੀਸ, ਦਿਹਾਤੀ, ਸੁਹੇਲ ਕਾਸਿਮ ਮੀਰ, ਵਧੀਕ ਡਿਪਟੀ ਕਮਿਸ਼ਨਰ ਪੁਲੀਸ, ਜ਼ੋਨ-2 ਅਤੇ ਗੁਰਇਕਬਾਲ ਸਿੰਘ ਸਹਾਇਕ ਕਮਿਸ਼ਨਰ ਪੁਲੀਸ ਦੱਖਣੀ ਦੀ ਅਗਵਾਈ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫ਼ਸਰ ਥਾਣਾ ਸਦਰ ਅਤੇ ਹੋਰ ਪੁਲੀਸ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਕਰੋੜ ਰੁਪਏ ਦੇ ਗਹਿਣੇ, ਪੰਜ ਬ੍ਰਾਂਡਿਡ ਘੜੀਆਂ, ਮੋਤੀ, ਵੱਖ-ਵੱਖ ਦੇਸ਼ਾਂ ਦੇ ਸਿੱਕੇ, ਚਾਂਦੀ ਦੇ ਗਿਲਾਸ ਅਤੇ 2 ਲੱਖ 76 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।