ਹਜ਼ਾਰਾਂ ਉਮੀਦਵਾਰਾਂ ਨੇ ਨੀਟ (ਯੂ ਜੀ) ਦੀ ਪ੍ਰੀਖਿਆ ਦਿੱਤੀ
ਪ੍ਰੀਖਿਆ ਸਬੰਧੀ ਨੌਜਵਾਨਾਂ ਵਿੱਚ ਭਾਰੀ ੳੁਤਸ਼ਾਹ; ਪ੍ਰੀਖਿਆ ਕੇਂਦਰਾਂ ਅੱਗੇ ਸੁਰੱਖਿਆ ਸਖਤ
ਲੁਧਿਆਣਾ ਦੇ ਵੱਖ-ਵੱਖ 15 ਸਕੂਲਾਂ/ਕਾਲਜਾਂ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਅੱਜ ਹਜ਼ਾਰਾਂ ਨੌਜਵਾਨਾਂ ਨੇ ਨੀਟ (ਯੂ ਜੀ) ਦੀ ਪ੍ਰੀਖਿਆ ਦਿੱਤੀ। ਦੇਸ਼ ਭਰ ਦੇ ਮੈਡੀਕਲ ਕਾਲਜਾਂ ’ਚ ਐੱਮ ਬੀ ਬੀ ਐੱਸ, ਬੀ ਡੀ ਐੱਸ, ਬੀ ਏ ਐੱਮ ਐੱਸ, ਬੀ ਐੱਚ ਐੱਮ ਐੱਸ ਅਤੇ ਹੋਰ ਮੈਡੀਕਲ ਕੋਰਸਾਂ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਨੌਜਵਾਨਾਂ ਦੀ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਵੱਲੋਂ ਅੱਜ ਲਈ ਗਈ ਨੀਟ (ਯੂ ਜੀ) (ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ) ਦੀ ਇਸ ਪ੍ਰੀਖਿਆ ਲਈ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਸੀ।
ਨੀਟ ਦੀ ਪ੍ਰੀਖਿਆ ਹਾਲਾਂਕਿ, ਦੁਪਹਿਰ ਦੋ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਹੋਈ, ਪਰ ਜ਼ਿਲ੍ਹੇ ਭਰ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਪ੍ਰੀਖਿਆ ਤੋਂ ਕਈ ਘੰਟੇ ਪਹਿਲਾਂ ਹੀ ਨੌਜਵਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ। ਪ੍ਰੀਖਿਆ ਤੋਂ ਕੁੱਝ ਸਮਾਂ ਪਹਿਲਾਂ ਹੀ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਅਤੇ ਹੋਰ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਪੂਰੀ ਤਲਾਸ਼ੀ ਲੈ ਕੇ ਹੀ ਉਨ੍ਹਾਂ ਨੂੰ ਪ੍ਰੀਖਿਆ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ ਗਿਆ। ਸੁਰੱਖਿਆ ਦੇ ਮੱਦੇਨਜ਼ਰ ਇੰਨ੍ਹਾਂ ਪ੍ਰੀਖਿਆ ਕੇਂਦਰਾਂ ਦੇ ਮੁੱਖ ਗੇਟਾਂ ਅਤੇ ਬਾਹਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਤਿੰਨ ਘੰਟਿਆਂ ਦਾ ਇਹ ਪੇਪਰ 720 ਅੰਕਾਂ ਦਾ ਸੀ, ਜਿਸ ਵਿੱਚ ਜੀਵ ਵਿਗਿਆਨ ਦੇ 90, ਭੌਤਿਕ ਵਿਗਿਆਨ ਅਤੇ ਰਸਾਇਣ ਵਿਗਿਆਨ ਨੇ 45-45 ਸਵਾਲ ਸਨ। ਦੱਸਣਯੋਗ ਹੈ ਕਿ ਉਹ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਬਾਰ੍ਹਵੀਂ ਜਮਾਤ ਮੈਡੀਕਲ ਵਿਸ਼ੇ ’ਚ ਕੀਤੀ ਹੋਈ ਹੈ, ਇਹ ਪ੍ਰੀਖਿਆ ਦੇ ਸਕਦੇ ਸਨ।
ਡਿਪਟੀ ਡੀ ਈ ਓ ਸੈਕੰਡਰੀ ਅਮਨਦੀਪ ਸਿੰਘ ਅਨੁਸਾਰ ਅੱਜ ਲੁਧਿਆਣਾ ਦੇ 15 ਸਕੂਲਾਂ/ਕਾਲਜਾਂ ਵਿੱਚ ਨੀਟ ਦੀ ਪ੍ਰੀਖਿਆ ਹੋਈ। ਇੰਨ੍ਹਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ ਏ ਯੂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਖੁਰਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਿਟਰੀ ਰੋਡ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖੁਰਦ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਲ, ਸਰਕਾਰੀ ਸਕੂਲ ਮਲਟੀਪਰਪਜ਼, ਸਰਕਾਰੀ ਕਾਲਜ ਲੜਕੀਆਂ, ਸਕੂਲ ਆਫ ਐਮੀਨੈਂਸ (ਐੱਸ ਓ ਈ) ਸੇਖੇਵਾਲ, ਐੱਸ ਓ ਈ ਸੈਕਟਰ-32, ਐੱਸ ਓ ਈ ਜਵਾਹਰ ਨਗਰ, ਆਰ ਐੱਸ ਮਾਡਲ ਸਕੂਲ ਅਤੇ ਰੈਜ਼ੀਡੈਂਸੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਆਦਿ ਦੇ ਨਾਂ ਸ਼ਾਮਲ ਹਨ।

