ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਸਤੰਬਰ
ਜ਼ਿਲ੍ਹਾ ਲੁਧਿਆਣਾ ਵਿਚ ਅੱਜ ਕਰੋਨਾ ਦੇ 286 ਨਵੇਂ ਕੇਸ ਆਏ ਅਤੇ 24 ਘੰਟਿਆਂ ਦੌਰਾਨ 15 ਵਿਅਕਤੀਆਂ ਦੀ ਕਰੋਨਾ ਨਾਲ ਮੌਤ ਹੋ ਗਈ। ਸ਼ਹਿਰ ਵਿਚ 72 ਘੰਟਿਆਂ ਦੌਰਾਨ 35 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੱਜ ਜ਼ਿਲ੍ਹੇ ਵਿਚ 4969 ਵਿਅਕਤੀਆਂ ਦੇ ਸੈਂਪਲ ਲਏ ਗਏ।
ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਅੱਜ ਆਏ ਕਰੋਨਾ ਦੇ 286 ਕੇਸਾਂ ਨੂੰ ਮਿਲਾ ਕੇ ਹੁਣ ਤਕ ਜ਼ਿਲ੍ਹੇ ’ਚ ਕੁੱਲ 14908 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ਵਿਚੋਂ 84.81 ਫ਼ੀਸਦੀ 12,651 ਮਰੀਜ਼ ਠੀਕ ਹੋ ਚੁੱਕੇ ਹਨ। ਬਾਕੀ 1632 ਦਾ ਇਲਾਜ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ 24 ਘੰਟਿਆਂ ਦੌਰਾਨ ਸ਼ਹਿਰ ਵਿਚ ਕੁੱਲ 324 ਮਰੀਜ਼ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿਚੋਂ 286 ਮਰੀਜ਼ ਲੁਧਿਆਣਾ ਅਤੇ 38 ਮਰੀਜ਼ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਹਨ। ਹੁਣ ਤਕ ਕੁੱਲ 2,07,382 ਨਮੂਨੇ ਲਏ ਗਏ ਹਨ।