ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 20 ਸਤੰਬਰ
ਅਨਾਜ ਮੰਡੀ ਮਜ਼ਦੂਰ ਯੂਨੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਮਾਰਕੀਟ ਕਮੇਟੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ’ਤੇ ਬੈਠੇ ਯੂਨੀਅਨ ਪ੍ਰਧਾਨ ਦਰਸ਼ਨ ਲਾਲ, ਮਲਕੀਤ ਸਿੰਘ, ਮਨੋਜ ਕੁਮਾਰ, ਰਾਮ ਪ੍ਰਕਾਸ਼, ਰਾਮ ਕ੍ਰਿਸ਼ਨ, ਵਿਜੈ ਕੁਮਾਰ, ਤਿਲਕ ਰਾਜ, ਪੱਪੂ ਕੁਮਾਰ, ਮਨੋਹਰ ਲਾਲ, ਰੌਸ਼ਨ ਲਾਲ, ਰਾਜਨ ਕੁਮਾਰ, ਸੰਜੇ, ਨਿਰਪੁਮ ਚੌਧਰੀ, ਮਨੀਸ਼ ਕੁਮਾਰ, ਅਕਾਸ਼ ਤੇ ਰਾਮਪਾਲ ਨੇ ਕਿਹਾ ਕਿ ਮੰਡੀ ਵਿਚ ਮਜ਼ਦੂਰਾਂ ਦੀ ਮਜ਼ਦੂਰੀ ਵਿਚ 25 ਫੀਸਦੀ ਵਾਧਾ ਕੀਤਾ ਜਾਵੇ ਕਿਉਂਕਿ ਹੁਣ ਮਹਿੰਗਾਈ ਦੇ ਦੌਰ ਵਿਚ ਉਨ੍ਹਾਂ ਨੂੰ ਘੱਟ ਮਜ਼ਦੂਰੀ ’ਤੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨਾ ਬਹੁਤ ਔਖਾ ਹੋ ਗਿਆ ਹੈ, ਲੋਡਿੰਗ ਦਾ ਰੇਟ 5 ਰੁਪਏ ਨਿਰਧਾਰਿਤ ਕੀਤਾ ਜਾਵੇ ਅਤੇ 50 ਕਿਲੋ ਝੋਨੇ ਦੀ ਮਜ਼ਦੂਰੀ ਦੇ ਬਰਾਬਰ 50 ਕਿਲੋ ਕਣਕ ਦੀ ਮਜ਼ਦੂਰੀ ਵੀ ਦਿੱਤੀ ਜਾਵੇ, ਪੰਜਾਬ ਸਰਕਾਰ ਵਲੋਂ ‘ਜੇ’ ਫਾਰਮ ਵਿਚ ਪਾਸ ਕੀਤੀ ਮਜ਼ਦੂਰੀ ਕੱਟ ਕੇ ਮਜ਼ਦੂਰਾਂ ਨੂੰ ਆੜ੍ਹਤੀਆਂ ਰਾਹੀਂ ਅਦਾਇਗੀ ਕੀਤੀ ਜਾਵੇ। ਮਜ਼ਦੂਰ ਯੂਨੀਅਨ ਦੇ ਆਗੂਆਂ ਵਲੋਂ ਆਪਣੀਆਂ ਮੰਗਾਂ ਸਬੰਧੀ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਆੜ੍ਹਤੀ ਐਸੋ. ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਵੀ ਮਜ਼ਦੂਰਾਂ ਦੇ ਹੱਕ ਵਿਚ ਆਏ ਜਿਨ੍ਹਾਂ ਕਿਹਾ ਕਿ ਸਰਕਾਰਾਂ ਇਨ੍ਹਾਂ ਦੀਆਂ ਮੰਗਾਂ ਤੁਰੰਤ ਮੰਨੇ ਕਿਉਂਕਿ ਉਹ ਬਿਲਕੁਲ ਜਾਇਜ਼ ਹਨ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਵਿਚ ਕੰਮ ਕਰ ਰਹੇ ਮਜ਼ਦੂਰਾਂ ਦੀ ਮਜ਼ਦੂਰੀ ਨੂੰ ਵਧਾਉਣਾ ਚਾਹੀਦਾ ਹੈ। ਪ੍ਰਧਾਨ ਖੇੜਾ ਨੇ ਕਿਹਾ ਕਿ ਮੰਡੀ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਜੇਕਰ ਮਜ਼ਦੂਰ ਹੜਤਾਲ ’ਤੇ ਚਲੇ ਗਏ ਤਾਂ ਕਿਸਾਨਾਂ ਦੀ ਫਸਲ ਦੀ ਸਫ਼ਾਈ ਅਤੇ ਢੋਆ-ਢੁਆਈ ਵਿਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।