ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 31 ਅਗਸਤ
ਪਿੰਡ ਕੁੱਪ ਕਲਾਂ ਦੀ ਕਰੀਬ ਸੱਠ ਲੱਖ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੀ ਦਾਣਾ ਮੰਡੀ ਨੂੰ ਭਰਤ ਪਾ ਕੇ ਉੱਚਾ ਚੁੱਕ ਕੇ ਪੱਕੀ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਮਾ. ਹਰਬੰਸ ਸਿੰਘ, ਦਰਸ਼ਨ ਸਿੰਘ ਸਰਪੰਚ ਅਤੇ ਆਤਮਾ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਅਤੇ ਮੁੱਖ ਮੰਤਰੀ ਵੱਲੋਂ ਪਿੰਡ ਵਾਸੀਆਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕਰਦਿਆਂ 60 ਲੱਖ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੀ ਦਾਣਾ ਮੰਡੀ ਨੂੰ ਭਰਤ ਪਾ ਕੇ ਉੱਚਾ ਚੁੱਕ ਅਤੇ ਫੜ੍ਹ ਨੂੰ ਪੱਕਾ ਕਰਨ ਦਾ ਕੰਮ ਆਰੰਭ ਹੋ ਚੁੱਕਿਆ ਹੈ। ਇਸ ਵਿੱਚ ਜਿੱਥੇ ਪਿੰਡ ਵਾਸੀਆਂ ਵੱਲੋਂ ਰਲ ਮਿਲ ਕੇ ਭਰਤ ਪਾਉਣ ਲਈ ਟਰੈਕਟਰ ਟਰਾਲੀਆਂ ਦਾ ਸਹਿਯੋਗ ਦਿੱਤਾ ਉਥੇ ਹੀ ਹਰਵਿੰਦਰ ਸਿੰਘ ਨੋਨੀ ਵੱਲੋਂ ਆਪਣੇ ਖੇਤ ਵਿੱਚੋਂ ਕਰੀਬ 90 ਟਿੱਪਰ ਮਿੱਟੀ ਦੇ ਚੁਕਵਾ ਕੇ ਦਾਣਾ ਮੰਡੀ ਵਿੱਚ ਪੁਆਏ ਗਏ। ਪਿੰਡ ਵਾਸੀਆਂ ਨੇ ਦੱਸਿਆ ਇਸ ਤੋਂ ਇਲਾਵਾ ਗੁਰੂ ਘਰ ਅਤੇ ਫੈਕਟਰੀਆਂ ਨੂੰ ਜਾਂਦੀ ਸੜਕ ਨੂੰ ਵੀ 18 ਫੁੱਟੀ ਮਨਜ਼ੂਰ ਕਰਵਾ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਲਕਾ ਵਿਧਾਇਕ ਗੱਜਣਮਾਜਰਾ ਨੇ ਕਿਹਾ ਕਿ ਪਿੰਡ ਵਿੱਚ ਟਰੀਟਮੈਂਟ ਪਲਾਂਟ ਅਤੇ ਨਰੇਗਾ ਭਵਨ ਬਣਾਉਣ ਲਈ ਮਨਜ਼ੂਰ ਹੋ ਚੁੱਕੇ ਹਨ ਜਿਸ ਦਾ ਕੰਮ ਜਲਦ ਸ਼ੁਰੂ ਹੋਵੇਗਾ ਅਤੇ ਪਿੰਡ ਵਾਸੀਆਂ ਦੀਆਂ ਰਹਿੰਦੀਆਂ ਮੰਗਾਂ ਨੂੰ ਵੀ ਵਿਚਾਰ ਅਧੀਨ ਹਨ ਜਨਿ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ । ਇਸ ਮੌਕੇ ਸਰਪੰਚ ਹਰਵਿੰਦਰ ਕੌਰ, ਪੰਚ ਗੁਰਪ੍ਰੀਤ ਸਿੰਘ ਗੁਰਾ, ਗੁਰਤੇਜ ਸਿੰਘ ਔਲਖ , ਮੋਹਨਜੀਤ ਸਿੰਘ, ਜਸਬੀਰ ਸਿੰਘ , ਜਗਰੂਪ ਸਿੰਘ, ਨੰਬਰਦਾਰ ਪ੍ਰਗਟ ਸਿੰਘ, ਜਰਨੈਲ ਸਿੰਘ ਹਾਜ਼ਰ ਸਨ।