
ਖੰਨਾ ਵਿੱਚ ਜਰਨੈਲੀ ਸੜਕ ’ਤੇ ਲੱਗੀਆਂ ਰੇਹੜੀਆਂ।
ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਫ਼ਰਵਰੀ
ਨਗਰ ਕੌਂਸਲ ਖੰਨਾ ਵੱਲੋਂ ਸੜਕਾਂ ਕਿਨਾਰੇ ਅਤੇ ਬਾਜ਼ਾਰਾਂ ਵਿਚ ਖੜ੍ਹਦੀਆਂ ਰੇਹੜੀਆਂ ਦੀ ਰੋਕਥਾਮ ਲਈ ਸੱਤ ਵੈਂਡਰ ਜ਼ੋਨ ਬਣਾਏ ਜਾਣ ਦੀ ਯੋਜਨਾ ਛੇ ਸਾਲਾਂ ਤੋਂ ਸਿਰੇ ਨਹੀਂ ਚੜ੍ਹ ਸਕੀ। ਇਸ ਕਾਰਨ ਸ਼ਹਿਰ ਵਿਚ ਵੱਖ ਵੱਖ ਥਾਵਾਂ ’ਤੇ ਬੇਤਰਤੀਬ ਖੜ੍ਹਦੀਆਂ ਰੇਹੜੀਆਂ ਆਵਾਜਾਈ ਵਿਘਨ ਦਾ ਕਾਰਨ ਬਣੀਆਂ ਹੋਈਆਂ ਹਨ ਤੇ ਸ਼ਹਿਰ ਵਿਚ ਰੋਜ਼ਾਨਾ ਹਾਦਸੇ ਵਾਪਰਦੇ ਹਨ। ਸਮਾਜ ਸੇਵੀ ਵਿਪਨ ਕਥੂਰੀਆ ਨੇ ਇਸ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ ਪਰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਵਿਪਨ ਕਥੂਰੀਆਂ ਨੇ ਐੱਸਡੀਐੱਮ ਮਨਜੀਤ ਕੌਰ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਇਸ ਦੇ ਰੋਸ ਵਜੋਂ 15 ਫਰਵਰੀ ਤੋਂ ਲਲਹੇੜੀ ਚੌਕ ਵਿਚ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਕਥੂਰੀਆ ਨੇ ਦੱਸਿਆ ਕਿ ਇਸ ਮਾਮਲੇ ਤੇ 23 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ’ਤੇ ਏਡੀਸੀ ਲੁਧਿਆਣਾ ਵੱਲੋਂ ਕੌਂਸਲ ਖੰਨਾ ਦੀ ਤੈਅ ਬਾਜ਼ਾਰੀ ਬਰਾਂਚ ਦੇ ਇੰਸਪੈਕਟਰ ਕਿਰਨਦੀਪ ਨਾਲ ਤਿੰਨ ਮੈਂਬਰ ਦੀ ਕਮੇਟੀ ਵੈਂਡਰ ਜ਼ੋਨ ਸਬੰਧੀ ਰੇਹੜੀਆਂ ਵਾਲਿਆਂ ਨੂੰ ਤਬਦੀਲ ਕਰਨ ਲਈ ਗਠਿਤ ਕੀਤੀ ਗਈ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਐਸਡੀਐਮ ਮਨਜੀਤ ਕੌਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਕਾਰਜ ਸਾਧਕ ਅਫ਼ਸਰ ਤੋਂ ਸੱਤ ਫਰਵਰੀ ਤੱਕ ਰਿਪੋਰਟ ਮੰਗੀ ਗਈ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ