Ludhiana Heatwave: ਚੌੜੇ ਬਾਜ਼ਾਰ ’ਚ ਰਾਤ ਨੂੰ ਰੌਣਕਾਂ ਲੱਗਣ ਲੱਗੀਆਂ
ਲੁਧਿਆਣਾ ਵਿੱਚ ਤਾਪਮਾਨ 38 ਡਿਗਰੀ ਸੈਲਸੀਅਸ ਰਿਹਾ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਪਿਛਲੇ ਕਈ ਦਿਨਾਂ ਤੋਂ ਅਤਿ ਦੀ ਗਰਮੀ ਜਾਰੀ ਹੈ। ਤਿੱਖੀ ਗਰਮੀ ਅਤੇ ਹੁੰਮਸ ਵਾਲੇ ਮੌਸਮ ਕਾਰਨ ਲੋਕ ਬਾਜ਼ਾਰਾਂ ਵਿੱਚ ਖ਼ਰੀਦਦਾਰੀ ਕਰਨ ਲਈ ਦਿਨ ਦੇ ਮੁਕਾਬਲੇ ਹੁਣ ਰਾਤ ਵੇਲੇ ਨਿਕਲਣ ਲਈ ਮਜ਼ਬੂਰ ਹੋ ਗਏ ਹਨ। ਇਹੀ ਕਾਰਨ ਹੈ ਕਿ ਸ਼ਹਿਰ ਦੇ ਮਸ਼ਹੂਰ ਚੌੜਾ ਬਾਜ਼ਾਰ ਸਮੇਤ ਕਈ ਹੋਰ ਪ੍ਰਮੁੱਖ ਬਾਜ਼ਾਰਾਂ ਵਿੱਚ ਦੇਰ ਰਾਤ ਤੱਕ ਗਾਹਕਾਂ ਦੀ ਭੀੜ ਅਤੇ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ।
ਲੁਧਿਆਣਾ ਵਿੱਚ ਅੱਜ ਸਾਰਾ ਦਿਨ ਟੁੱਟਵੀਂ ਬੱਦਲਵਾਈ ਅਤੇ ਹਲਕੀ ਧੁੱਪ ਵਾਲਾ ਮੌਸਮ ਬਣਿਆ ਰਿਹਾ। ਇਸ ਦੌਰਾਨ ਕਈ ਇਲਾਕਿਆਂ ਵਿੱਚ ਹਲਕੀ ਕਿਣਮਿਣ ਵੀ ਹੋਈ, ਪਰ ਇਸ ਦੇ ਬਾਵਜੂਦ ਦਿਨ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਤ ਸਮੇਂ ਭਾਵੇਂ ਤਾਪਮਾਨ ਘੱਟ ਕੇ 29 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਪਰ ਹੁੰਮਸ ਕਰ ਕੇ ਲੋਕਾਂ ਨੂੰ ਗਰਮੀ ਤੋਂ ਕੋਈ ਖ਼ਾਸ ਰਾਹਤ ਨਹੀਂ ਮਿਲੀ।
ਦਿਨ ਵੇਲੇ ਬਾਜ਼ਾਰਾਂ ਵਿੱਚੋਂ ਗਾਇਬ ਰਹਿਣ ਵਾਲੀ ਰੌਣਕ ਹੁਣ ਸੂਰਜ ਢਲਣ ਤੋਂ ਬਾਅਦ ਪਰਤਦੀ ਹੈ। ਚੌੜਾ ਬਾਜ਼ਾਰ, ਘੁਮਾਰ ਮੰਡੀ, ਜਵਾਹਰ ਨਗਰ ਕੈਂਪ ਅਤੇ ਸਰਾਭਾ ਮਾਰਕੀਟ ਵਰਗੀਆਂ ਥਾਵਾਂ ’ਤੇ ਦੇਰ ਰਾਤ ਤੱਕ ਰੰਗ-ਬਿਰੰਗੀਆਂ ਰੌਸ਼ਨੀਆਂ ਚਮਕਦੀਆਂ ਹਨ, ਜੋ ਕਿਸੇ ਵਿਦੇਸ਼ੀ ਸ਼ਹਿਰ ਦਾ ਭੁਲੇਖਾ ਪਾਉਂਦੀਆਂ ਹਨ। ਗਰਮੀ ਦੇ ਇਸ ਮੌਸਮ ਵਿੱਚ ਰਾਹਗੀਰਾਂ ਅਤੇ ਖ਼ਰੀਦਦਾਰਾਂ ਨੂੰ ਸਹੂਲਤ ਦੇਣ ਲਈ ਦੁਕਾਨਦਾਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਥਾਂ-ਥਾਂ ’ਤੇ ਠੰਢੇ-ਮਿੱਠੇ ਪਾਣੀ ਦੀਆਂ ਛਬੀਲਾਂ ਵੀ ਲਾਈਆਂ ਗਈਆਂ ਹਨ।
ਦੂਜੇ ਪਾਸੇ, ਮੌਸਮ ਮਾਹਿਰਾਂ ਅਨੁਸਾਰ ਆਉਂਦੇ ਦਿਨਾਂ ਵਿੱਚ ਲੁਧਿਆਣਾ ਵਾਸੀਆਂ ਨੂੰ ਇਸ ਅਤਿ ਦੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਅਗਲੇ ਦਿਨਾਂ ਵਿੱਚ ਦਿਨ ਦੇ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ, ਜਿਸ ਨਾਲ ਹੁੰਮਸ ਵਾਲੇ ਮੌਸਮ ਤੋਂ ਛੁਟਕਾਰਾ ਮਿਲੇਗਾ।

