ਹਲਕੀ ਧੁੱਪ ਨਿਕਲਣ ਸਦਕਾ ਮੌਸਮ ਖ਼ੁਸ਼ਗਵਾਰ ਹੋਇਆ
ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 9 ਡਿਗਰੀ ਸੈਲਸੀਅਸ ਰਿਹਾ
ਸਤਵਿੰਦਰ ਬਸਰਾ
, 2 ਫਰਵਰੀ
ਇੱਥੇ ਅੱਜ ਕਦੇ ਧੁੱਪ ਅਤੇ ਕਦੇ ਬੱਦਲਵਾਈ ਨੇ ਮੌਸਮ ਖ਼ੁਸ਼ਗਵਾਰ ਬਣਾਈ ਰੱਖਿਆ। ਐਤਵਾਰ ਸਾਰਾ ਦਿਨ ਬੱਦਲਵਾਈ ਰਹਿਣ ਕਾਰਨ ਠੰਢ ਜ਼ਿਆਦਾ ਸੀ। ਅੱਜ ਸੋਮਵਾਰ ਨੂੰ ਲੁਧਿਆਣਾ ਵਿੱਚ ਬਦਲੇ ਹੋਏ ਮੌਸਮ ਦਾ ਲੋਕਾਂ ਨੇ ਖੂਬ ਆਨੰਦ ਲਿਆ। ਅੱਜ ਦਿਨ ਸਮੇਂ ਦਾ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ।
ਸਨਅਤੀ ਸ਼ਹਿਰ ਲੁਧਿਆਣਾ ਦੇ ਲੋਕ ਪਿਛਲੇ ਕੁੱਝ ਦਿਨਾਂ ਤੋਂ ਹੱਡ ਚੀਰਵੀਂ ਠੰਢ ਤੋਂ ਬਚੇ ਹੋਏ ਹਨ। ਐਤਵਾਰ ਸਵੇਰ ਤੋਂ ਸ਼ਾਮ ਤੱਕ ਬੱਦਲਵਾਈ ਰਹਿਣ ਕਰ ਕੇ ਭਾਵੇਂ ਮੌਸਮ ਕੁੱਝ ਠੰਢਾ ਰਿਹਾ ਪਰ ਅੱਜ ਸੋਮਵਾਰ ਨੂੰ ਕਦੇ ਧੁੱਪ ਅਤੇ ਕਦੇ ਬੱਦਲਵਾਈ ਨੇ ਮੌਸਮ ਚੰਗਾ ਬਣਾਈ ਰੱਖਿਆ। ਇਸ ਬਦਲਦੇ ਮੌਸਮ ਦਾ ਨਜ਼ਾਰਾ ਲੈਣ ਲਈ ਕਈ ਨੌਜਵਾਨ ਪਾਰਕਾਂ, ਖੁੱਲ੍ਹੇ ਪਲਾਟਾਂ ਵਿੱਚ ਪੜ੍ਹਦੇ ਦੇਖੇ ਗਏ। ਟੁੱਟਵੀਂ ਬੱਦਲਵਾਈ ਵਿੱਚੋਂ ਝਾਤੀ ਮਾਰਦੇ ਸੂਰਜ ਦੀ ਚਮਕ ਵੱਖਰਾ ਹੀ ਦ੍ਰਿਸ਼ ਪੇਸ਼ ਕਰ ਰਹੀ ਸੀ। ਇਸ ਦੌਰਾਨ ਸਵੇਰੇ ਅਤੇ ਸ਼ਾਮ ਵੇਲੇ ਸ਼ਹਿਰ ਤੋਂ ਦੂਰ-ਦੁਰਾਡੇ ਇਲਾਕਿਆਂ ਵਿੱਚ ਹਲਕੀ ਧੁੰਦ ਵੀ ਦੇਖਣ ਨੂੰ ਮਿਲੀ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 9 ਡਿਗਰੀ ਸੈਲਸੀਅਸ ਰਿਹਾ। ਆਉਣ ਵਾਲੇ ਦਿਨਾਂ ਵਿੱਚ ਵੀ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਇਸੇ ਤਰ੍ਹਾਂ ਦਾ ਰਹਿਣ, ਠੰਢੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਦੂਜੇ ਪਾਸੇ, ਬਦਲ ਰਹੇ ਮੌਸਮ ਕਰ ਕੇ ਦੁਕਾਨਦਾਰਾਂ ਨੇ ਗਰਮ ਕੱਪੜਿਆਂ ਦੀਆਂ ਸੇਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇੱਥੋਂ ਦੇ ਕੰਬਲ ਬਾਜ਼ਾਰ, ਚੌੜਾ ਬਾਜ਼ਾਰ, ਘੁਮਾਰ ਮੰਡੀ ਆਦਿ ਬਾਜ਼ਾਰਾਂ ਵਿੱਚ ਗਰਮ ਕੱਪੜਿਆਂ ਦੀਆਂ ਵੱਡੀ ਗਿਣਤੀ ’ਚ ਸੇਲਾਂ ਲੱਗੀਆਂ ਦੇਖੀਆਂ ਜਾ ਸਕਦੀਆਂ ਹਨ। ਛੁੱਟੀ ਵਾਲੇ ਦਿਨ ਅਜਿਹੀਆਂ ਸੇਲਾਂ ਦੀ ਗਿਣਤੀ ਆਮ ਨਾਲੋਂ ਵੀ ਕਈ ਗੁਣਾ ਵਧ ਜਾਂਦੀ ਹੈ।
ਉੱਧਰ, ਡਾਕਟਰਾਂ ਦਾ ਕਹਿਣਾ ਹੈ ਕਿ ਬਦਲ ਰਹੇ ਇਸ ਮੌਸਮ ਵਿੱਚ ਬਹੁਤ ਸਾਵਧਾਨੀ ਰੱਖਣ ਦੀ ਲੋੜ ਹੈ।

