ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜਨਵਰੀ
ਕਿਚਲੂ ਨਗਰ ਮੁੱਖ ਰੋਡ ’ਤੇ ਮੰਗਲਵਾਰ ਦੀ ਸਵੇਰੇ ਉਸ ਸਮੇਂ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇੱਕ ਮੈਡੀਕਲ ਦੁਕਾਨ ਦੇ ਬਾਹਰ ਖੜ੍ਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਪੈਟਰੋਲ ਕਾਰ ਦੇਖਦੇ ਹੀ ਦੇਖਦੇ ਪੂਰੀ ਤਰ੍ਹਾਂ ਅੱਗ ਨਾਲ ਘਿਰ ਗਈ। ਉਥੇਂ ਮੌਜੂਦ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਨੇ ਤੁਰੰਤ ਇਸਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ। ਇੱਕ ਗੱਡੀ ਨੇ ਮੌਕੇ ’ਤੇ ਪੁੱਜ ਅੱਗ ’ਤੁ ਕਾਬੂ ਪਾਇਆ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਪੀਏਯੂ ਅਧੀਨ ਆਉਂਦੀ ਚੌਂਕੀ ਕਿਚਲੂ ਨਗਰ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਚੌਂਕੀ ਕਿਚਲੂ ਨਗਰ ਦੇ ਇੰਚਾਰਜ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਦੁੱਗਰੀ ਦੇ ਰਹਿਣ ਵਾਲੇ ਰਮੇਸ਼ ਅਗਰਵਾਲ ਦੀ ਸਵਿਫ਼ਟ ਗੱਡੀ ਸੀ। ਉਨ੍ਹਾਂ ਦਾ ਡਰਾਈਵਰ ਉਨ੍ਹਾਂ ਦੀ ਦਵਾਈ ਲੈਣ ਲਈ ਕਿਚਲੂ ਨਗਰ ਮੈਡੀਕਲ ਸ਼ਾਪ ’ਤੇ ਆਇਆ ਸੀ। ਇਸੇ ਦੌਰਾਨ ਉਸਨੇ ਗੱਡੀ ਖੜ੍ਹੀ ਕੀਤੀ ਤੇ ਖੁਦ ਦਵਾਈ ਲੈਣ ਦੇ ਲਈ ਚਲਾ ਗਿਆ।
ਗੱਡੀ ਚਾਲੂ ਕੀਤੀ ਸੀ ਤੇ ਅਚਾਨਕ ਗੱਡੀ ’ਚੋਂ ਧੂੰਆ ਨਿਕਲਣ ਲੱਗਿਆ। ਦੇਖਦੇ ਹੀ ਦੇਖਦੇ ਕਾਰ ’ਚ ਅੱਗ ਲੱਗ ਗਈ ਤੇ ਅੱਗ ਨੇ ਪੂਰੀ ਕਾਰ ਨੂੰ ਆਪਣੀ ਲਪੇਟ ’ਚ ਲੈ ਲਿਆ। ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਬੇਕਾਬੂ ਹੋ ਗਈ ਸੀ।
ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਏਐੱਸਆਈ ਗੁਰਮੀਤ ਨੇ ਦੱਸਿਆ ਕਿ ਅੱਗ ਕਿਵੇਂ ਲੱਗੀ, ਇਸਦਾ ਹਾਲੇ ਪਤਾ ਨਹੀਂ ਲੱਗਿਆ ਹੈ। ਕੋਈ ਜਾਨ ਮਾਲ ਦਾ ਨੁਕਸਾਨ ਵੀ ਨਹੀਂ ਹੋਇਆ ਹੈ। ਡਰਾਈਵਰ ਸੀ, ਉਹ ਵਾਲ- ਵਾਲ ਬਚ ਗਿਆ।