DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦੋ ਸਾਲ ਹੋਰ ਕੱਚਾ-ਪੱਕਾ ਹੀ ਰਹੇਗਾ ਕੱਚਾ ਮਲਕ ਰੋਡ

ਮੰਗੀ ਜਾਣਕਾਰੀ ਨਾਲ ਹੋਇਆ ਖੁਲਾਸਾ; ਦੋ ਵਿਭਾਗਾਂ ਦੀ ਅਣਗਹਿਲੀ ਦਾ ਖਮਿਆਜ਼ਾ ਭੁਗਤ ਰਹੇ ਨੇ ਲੋਕ
  • fb
  • twitter
  • whatsapp
  • whatsapp
Advertisement

ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 20 ਜੂਨ

Advertisement

ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ ਤੋਂ ਜਗਰਾਉਂ ਸ਼ਹਿਰ ਵਿੱਚ ਦਾਖ਼ਲ ਹੋਣ ਲਈ ਮੁੱਖ ਤਹਿਸੀਲ ਚੌਕ ਤੋਂ ਇਲਾਵਾ ਮਲਕ ਚੌਕ ਤੇ ਸ਼ੇਰਪੁਰਾ ਚੌਕ ਹਨ। ਇਨ੍ਹਾਂ ਵਿੱਚੋਂ ਕੱਚਾ ਮਲਕ ਰੋਡ ਦੀ ਹਾਲਤ ਬਦ ਤੋਂ ਬੱਦਤਰ ਹੋ ਗਈ ਹੈ। ਕਈ ਦਹਾਕੇ ਪਹਿਲਾਂ ਇਹ ਮਾਰਗ ਪਿੰਡ ਮਲਕ ਨੂੰ ਜਾਂਦਾ ਹੋਣ ਕਰਕੇ ਕੱਚਾ ਮਲਕ ਰੋਡ ਕਰਕੇ ਜਾਣਿਆ ਜਾਂਦਾ ਸੀ। ਸਮੇਂ ਦੀ ਤਬਦੀਲੀ ਨਾਲ ਇਹ ਪੱਕੀ ਸੜਕ ਬਣੀ ਪਰ ਇਸ ਦੀ ਬਦਕਿਸਮਤੀ ਹੀ ਕਹੀ ਜਾਵੇਗੀ ਕਿ ਕਈ ਵਾਰ ਪੱਕੀ ਹੋਣ ਦੇ ਬਾਵਜੂਦ ਇਹ ਆਪਣੇ ਨਾਮ ਨੂੰ ਹੀ ਸੱਚ ਕਰਨ ਲਈ ਵਾਰ-ਵਾਰ ਕੱਚੀ ਹੁੰਦੀ ਰਹੀ। ਪਤਾ ਨਹੀਂ ਇਸ ਵਿੱਚ ਕਿਹੜੀ ਕਿਸਮ ਦੀ ਸਮੱਗਰੀ ਵਰਤੀ ਜਾਂਦੀ ਹੈ ਕਿ ਇਹ ਕਦੇ ਪੱਕੀ ਹੀ ਨਹੀਂ ਰਹੀ।

ਜਗਰਾਉਂ ਤੇ ਇਲਾਕਾ ਵਾਸੀਆਂ ਦਾ ਹਾਲੇ ਦੋ ਸਾਲ ਹੋ ਇਸ ਕੱਚੀ ਪੱਕੀ ਸੜਕ ਤੋਂ ਖਹਿੜਾ ਛੁੱਟਦਾ ਨਜ਼ਰ ਨਹੀਂ ਆ ਰਿਹਾ। ਮੰਡੀ ਬੋਰਡ ਤੇ ਨਗਰ ਕੌਂਸਲ ਦੀ ਆਪਸੀ ਖਿੱਚੋਤਾਣ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ। ਇਸ ਸੜਕ ਦੀ ਬਦਤਰ ਹਾਲਤ ਤੋਂ ਦੁਖੀ ਐਡਵੋਕੇਟ ਰੁਪਿੰਦਰ ਸਿੰਘ ਸਰਾਂ ਨੇ ਪੰਜਾਬ ਮੰਡੀ ਬੋਰਡ ਤੋਂ ਜਾਣਕਾਰੀ ਮੰਗੀ ਤਾਂ ਪਤਾ ਲੱਗਾ ਕਿ ਇਸ ਦੀ ਤਾਂ ਹਾਲੇ 2027 ਤਕ ਮੁਰੰਮਤ ਵੀ ਨਹੀਂ ਹੋਣੀ। ਮੰਡੀ ਬੋਰਡ ਨੇ ਪੱਤਰ ਨੰਬਰ 3086 ਵਿੱਚ ਦੱਸਿਆ ਹੈ ਕਿ ਕੱਚਾ ਮਲਕ ਰੋਡ ਉੱਪਰ ਵੱਖ-ਵੱਖ ਥਾਵਾਂ 'ਤੇ ਵਾਟਰ ਸਪਲਾਈ ਅਤੇ ਸੀਵਰੇਜ ਦੇ ਨਵੇਂ ਕੁਨੈਕਸ਼ਨ ਦੇਣ ਦੌਰਾਨ ਅਤੇ ਕਈ ਖਰਾਬ ਹੋਏ ਕੁਨੈਕਸ਼ਨ ਠੀਕ ਕਰਨ ਦੌਰਾਨ ਨਗਰ ਕੌਂਸਲ ਜਗਰਾਉਂ ਵਲੋਂ ਬਿਨਾਂ ਕਿਸੇ ਸੂਚਨਾ ਤੇ ਮਨਜ਼ੂਰੀ ਦੇ ਸੜਕ ਨੂੰ ਪੁੱਟ ਦਿੱਤਾ ਜਾਂਦਾ ਹੈ। ਇਸ ਕਰਕੇ ਇਲਾਕਾ ਨਿਵਾਸੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਦਫ਼ਤਰ ਨੇ ਪੱਤਰ ਨੰਬਰ 2581 ਰਾਹੀਂ ਮਿਤੀ 30 ਜੁਲਾਈ 2024 ਨੂੰ 14.28 ਲੱਖ ਰੁਪਏ ਦਾ ਬੀਟੀ ਬਿੱਲ ਭੇਜਿਆ ਸੀ। ਪਰ ਨਗਰ ਕੌਂਸਲ ਨੇ ਬੀਟੀ ਬਿੱਲ ਜਮ੍ਹਾਂ ਕਰਵਾਉਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਹੈ।

ਨਿਯਮਾਂ ਮੁਤਾਬਕ ਮੁਰੰਮਤ 2027 ਵਿੱਚ ਹੋਣੀ ਬਣਦੀ ਹੈ: ਕਾਰਜਕਾਰੀ ਇੰਜਨੀਅਰ

ਮੰਡੀ ਬੋਰਡ ਦੇ ਕਾਰਜਕਾਰੀ ਇੰਜਨੀਅਰ ਨੇ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਸਤੰਬਰ 2020 ਵਿੱਚ ਕਰਵਾਈ ਸੀ। ਨਿਯਮਾਂ ਮੁਤਾਬਕ ਸੜਕ ਦੀ ਮੁਰੰਮਤ ਛੇ ਸਾਲ ਬਾਅਦ 2027 ਵਿੱਚ ਹੋਣੀ ਹੈ। ਜੇਕਰ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਜਗਰਾਉਂ ਵੱਲੋਂ ਨੁਕਸਾਨੀ ਸੜਕ ਦੇ ਬੀਟੀ ਬਿਲ ਦੀ ਰਕਮ 14.48 ਲੱਖ ਰੁਪਏ ਜਮ੍ਹਾ ਕਰਵਾ ਦਿੱਤੀ ਜਾਂਦੀ ਹੈ ਤਾਂ ਇਸ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਹਾਲ ਦੀ ਘੜੀ ਕੱਚਾ ਮਲਕ ਰੋਡ ਦੀ ਮੁਰੰਮਤ ਦੀ ਮੰਡੀ ਬੋਰਡ ਦੀ ਕੋਈ ਤਜਵੀਜ਼ ਨਹੀਂ ਹੈ। ਪੱਤਰ ਵਿੱਚ ਦੋ ਥਾਂ ਦਰਸਾਈ ਰਕਮ ਵਿੱਚ ਹੀ ਵੀਹ ਹਜ਼ਾਰ ਦਾ ਅੰਤਰ ਹੈ ਜੋ ਪਤਾ ਨਹੀਂ ਵਿਆਜ਼ ਜੋੜਿਆ ਗਿਆ ਹੈ ਜਾਂ ਤਕਨੀਕੀ ਗਲਤੀ ਹੈ। ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਲੋਕਾਂ ਦੀ ਮੁਸ਼ਕਿਲ ਦੇ ਮੱਦੇਨਜ਼ਰ ਬਹਾਨੇਬਾਜ਼ੀ ਛੱਡ ਕੇ ਸਰਕਾਰ ਨੂੰ ਇਹ ਸੜਕ ਤੁਰੰਤ ਬਣਾਉਣੀ ਚਾਹੀਦੀ ਹੈ।

Advertisement
×