ਦੇਵਿੰਦਰ ਸਿੰਘ ਜੱਗੀ
ਪਾਇਲ, 23 ਅਗਸਤ
ਰਾੜਾ ਸਾਹਿਬ ਸੰਪਰਦਾਇ ਦੇ ਬਾਨੀ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮ 24, 25 ਅਤੇ 26 ਅਗਸਤ ਨੂੰ ਹੋ ਰਹੇ ਹਨ। ਇਨ੍ਹਾਂ ਸਮਾਗਮਾਂ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੰਗਤ ਦੇ ਰਹਿਣ ਸਹਿਣ ਦੇ ਪ੍ਰਬੰਧਾਂ, ਵਾਹਨਾਂ ਦੀ ਪਾਰਕਿੰਗ ਅਤੇ ਗੁਰਦੁਆਰੇ ਅੱਗੇ ਰੋਡ ’ਤੇ ਲੱਗਦੀਆਂ ਦੁਕਾਨਾਂ ਦਾ ਜਾਇਜ਼ਾ ਲੈਣ ਡੀਐੱਸਪੀ ਪਾਇਲ ਨਿਖਿਲ ਗਰਗ, ਐੱਸਐਚਓ ਦਵਿੰਦਰਪਾਲ ਸਿੰਘ, ਰੀਡਰ ਵਿਜੇਪਾਲ ਸਿੰਘ ਗਰੇਵਾਲ ਸਣੇ ਪੁਲੀਸ ਪਾਰਟੀ ਪੁੱਜੇ। ਉਨ੍ਹਾਂ ਟਰੈਫਿਕ ਨੂੰ ਮੱਦੇਨਜ਼ਰ ਰੱਖਦਿਆਂ ਦੁਕਾਨਦਾਰਾਂ ਨੂੰ ਸਖਤ ਹਦਾਇਤ ਕੀਤੀ ਕਿ ਦੁਕਾਨਾਂ ਨੂੰ ਅੱਗੇ ਸੜਕ ਵਲ ਨਾ ਵਧਾਇਆ ਜਾਵੇ। ਡੀਐੱਸਪੀ ਪਾਇਲ ਨੇ ਬਰਸੀ ’ਤੇ ਆਉਣ ਵਾਲੀਆਂ ਸੰਗਤ ਤੇ ਬੀਬੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਕੀਮਤੀ ਸਾਮਾਨ ਜਾਂ ਗਹਿਣੇ ਪਹਿਨ ਕੇ ਨਾ ਆਉਣ ਕਿਉਂਕਿ ਗ਼ੈਰਸਮਾਜੀ ਅਨਸਰ ਅਜਿਹੇ ਸਮਾਗਮਾਂ ਵਿੱਚ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ। ਇਸ ਦੌਰਾਨ ਪੁਲੀਸ ਅਧਿਕਾਰੀਆਂ ਨੇ ਗੁਰੂਘਰ ਦੇ ਟਰੱਸਟੀਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਭਾਈ ਮਨਿੰਦਰਜੀਤ ਸਿੰਘ ਬਾਵਾ, ਭਾਈ ਮਲਕੀਤ ਸਿੰਘ ਪਨੇਸਰ, ਭਾਈ ਗੁਰਨਾਮ ਸਿੰਘ ਅੜੈਚਾਂ, ਐਡਵੋਕੇਟ ਭਵਪ੍ਰੀਤ ਸਿੰਘ ਮੂੰਡੀ ਤੋਂ ਇਲਾਵਾ ਪ੍ਰਬੰਧਕ ਵੀ ਹਾਜ਼ਰ ਸਨ।