ਗੁਰਿੰਦਰ ਸਿੰਘ
ਲੁਧਿਆਣਾ, 10 ਸਤੰਬਰ
ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਕਰਦਿਆਂ ਵਰਕਰਾਂ ਨੂੰ ਲਾਮਬੰਦ ਕਰਨ ਦੇ ਨਾਲ-ਨਾਲ ਚੋਣ ਲੜਣ ਵਾਲੇ ਸੰਭਾਵੀ ਉਮੀਦਵਾਰਾਂ ਦੀ ਵੀ ਸ਼ਨਾਖਤ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਵੱਲੋਂ ਨਗਰ ਨਿਗਮ ਚੋਣਾਂ ਸਬੰਧੀ ਇੱਕ ਮੀਟਿੰਗ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ’ਚ ਕੀਤੀ ਗਈ ਜਿਸ ਵਿੱਚ ਨਿਗਮ ਚੋਣਾਂ ਸਬੰਧੀ ਵਾਰਡ ਵਾਰ ਵਰਕਰਾਂ ਤੋਂ ਜਾਣਕਾਰੀ ਹਾਸਲ ਕੀਤੀ ਅਤੇ ਉਮੀਦਵਾਰ ਵਜੋਂ ਚੋਣ ਲੜਨ ਦੇ ਇੱਛੁਕ ਵਿਅਕਤੀਆਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਤੇ ਉਨ੍ਹਾਂ ਦੀ ਰਾਏ ਜਾਣੀ ਗਈ। ਇਸ ਮੌਕੇ ਜਥੇਦਾਰ ਗਾਬੜ਼ੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ਾਨ ਨਾਲ ਚੋਣ ਜਿੱਤ ਕੇ ਲੋਕਾਂ ਦੀਆਂ ਭਾਵਨਾਵਾਂ ’ਤੇ ਖਰਾ ਉਤਰੇਗਾ ਅਤੇ ਸ਼ਹਿਰ ਦੇ ਅਕਾਲੀ ਸਰਕਾਰ ਵੇਲੇ ਰੁੱਕੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰੇਗਾ। ਉਨ੍ਹਾਂ ਪਾਰਟੀ ਵਰਕਰਾਂ ਨੂੰ ਸੰਖੇਪ ਵਿੱਚ ਹਰ ਵਾਰਡ ਦੀ ਨਵੀਂ ਵਾਰਡਬੰਦੀ ਬਾਰੇ ਜਾਣੂ ਕਰਵਾਇਆ ਤੇ ਹੁਣ ਤੋਂ ਹੀ ਆਪਣੇ ਇਲਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਣ ਅਤੇ ਕਮਰਕੱਸੇ ਕਰਕੇ ਤਿਆਰ ਹੋਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਹੈ ਅਤੇ ਅਕਾਲੀ ਦਲ ਨੂੰ ਸਮਰਥਨ ਦੇਣ ਲਈ ਤਿਆਰ ਹੈ। ਇਸ ਮੌਕੇ ਸਵਰਨ ਸਿੰਘ ਮਹੌਲੀ, ਹਰਜੀਤ ਸਿੰਘ ਖੁਰਲ, ਬੀਬੀ ਨੀਨਾ ਵਰਮਾ, ਗੁਰਬਚਨ ਸਿੰਘ ਢੰਡਾਰੀ, ਸੁਖਵਿੰਦਰ ਮਾਨ ਡਾਬਾ ਰੋਡ ਤੋਂ ਇਲਾਵਾ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।