
ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਹੇ ਲੁਟੇਰੇ।
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਨਵੰਬਰ
ਸਨਅਤੀ ਸ਼ਹਿਰ ਦੇ ਸੇਖੇਵਾਲ ਇਲਾਕੇ ’ਚ ਬੁੱਧਵਾਰ ਦੀ ਸਵੇਰੇ ਦੁਕਾਨ ਖੋਲ੍ਹ ਰਹੇ ਮਨੀ ਐਕਸਚੇਂਜਰ ਤੋਂ ਲੁਟੇਰਾ ਗਰੋਹ ਦੇ ਮੁਲਜ਼ਮ ਦੋ ਲੱਖ ਨਕਦੀ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ 2 ਤੋਂ 3 ਮਿੰਟ ਦੇ ਅੰਦਰ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫ਼ਰਾਰ ਹੋ ਗਏ।
ਮੁਲਜ਼ਮਾਂ ਨੂੰ ਜਦੋਂ ਤੱਕ ਕੋਈ ਰੋਕਦਾ, ਉਹ ਅੱਗਿਓਂ ਤੇਜ਼ਧਾਰ ਹਥਿਆਰ ਲਹਿਰਾਉਣ ਲੱਗੇ, ਇਸ ਲਈ ਕਿਸੇ ਨੇ ਵੀ ਅੱਗੇ ਆਉਣ ਦੀ ਹਿੰੰਮਤ ਨਹੀਂ ਕੀਤੀ। ਸੂਚਨਾ ਮਿਲਣ ਮਗਰੋਂ ਏਡੀਸੀਪੀ ਰੁਪਿੰਦਰ ਕੌਰ ਸਰਾਓ ਅਤੇ ਥਾਣਾ ਦਰੇਸੀ ਦੀ ਪੁਲੀਸ ਸਮੇਤ ਕਈ ਟੀਮਾਂ ਘਟਨਾ ਸਥਾਨ ’ਤੇ ਪੁੱਜ ਗਈਆਂ। ਪੁਲੀਸ ਨੇ ਜਾਂਚ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਖਿਲ਼ਾਫ਼ ਕੇਸ ਦਰਜ ਕਰ ਲਿਆ ਹੈ। ਸੇਖੇਵਾਲ ਸਥਿਤ ਬਲਰਾਮ ਟੈਲੀਕਾਮ ਦੇ ਮਾਲਕ ਟਿਮੀ ਨੇ ਦੱਸਿਆ ਕਿ ਉਸ ਦਾ ਮਨੀ ਐਕਸਚੇਂਜਰ ਦਾ ਕੰਮ ਹੈ। ਰੋਜ਼ਾਨਾ ਵਾਂਗ ਉਹ ਸਵੇਰੇ ਦੁਕਾਨ ਖੋਲ੍ਹ ਰਿਹਾ ਸੀ। ਇਸੇ ਦੌਰਾਨ ਤਿੰਨ ਵਾਹਨਾਂ ’ਤੇ ਕਰੀਬ 5-7 ਲੁਟੇਰੇ ਆਏ ਤੇ ਉਨ੍ਹਾਂ ਦੇ ਹੱਥਾਂ ’ਚ ਤੇਜ਼ਧਾਰ ਹਥਿਆਰ ਸਨ। ਉਹ ਦੁਕਾਨ ਖੋਲ੍ਹ ਰਿਹਾ ਸੀ ਤਾਂ ਇਸੇ ਦੌਰਾਨ ਮੁਲਜ਼ਮ ਨੇ ਉਸ ਦਾ ਪੈਸਿਆਂ ਨਾਲ ਭਰਿਆ ਬੈਗ ਖੋਹਿਆ ਅਤੇ ਫ਼ਰਾਰ ਹੋ ਗਏ। ਟਿੰਮੀ ਅਨੁਸਾਰ ਉਸ ਦੇ ਬੈਗ ’ਚ 2 ਲੱਖ ਦੀ ਨਗਦੀ ਤੋਂ ਇਲਾਵਾ 8 ਤੋਂ 10 ਮੋਬਾਈਲ ਫੋਨ ਸਨ, ਜੋ ਮੁਲਜ਼ਮ ਲੈ ਗਏ। ਵਾਰਦਾਤ ਤੋਂ ਬਾਅਦ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਪਿੱਛੇ ਹੋ ਗਿਆ ਤੇ ਵਾਲ-ਵਾਲ ਬਚ ਗਿਆ। ਆਸ-ਪਾਸ ਦੇ ਦੁਕਾਨਦਾਰਾਂ ਨੇ ਵੀ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ।
ਇਲਾਕੇ ਦੇ ਲੋਕਾਂ ਅਨੁਸਾਰ ਵਾਰਦਾਤ ਨੂੰ ਅੰਜਾਮ ਇੱਕ-ਦਮ ਨਹੀਂ ਦਿੱਤਾ ਗਿਆ। ਲੁਟੇਰੇ ਪਿਛਲੇ ਕਾਫ਼ੀ ਦਿਨਾਂ ਤੋਂ ਇਲਾਕੇ ’ਚ ਘੁੰਮ ਕੇ ਰੇਕੀ ਕਰ ਰਹੇ ਸਨ। ਮੁਲਜ਼ਮਾਂ ਨੇ ਜਿਹੜੇ ਤਿੰਨ ਵਾਹਨਾਂ ਦੀ ਵਰਤੋਂ ਕੀਤੀ ਹੈ, ਉਸ ’ਚ ਸ਼ਾਮਲ ਐਕਟਿਵਾ ਦਾ ਤਾਂ ਨੰਬਰ ਹੀ ਨਹੀਂ ਹੈ, ਬਲਕਿ ਬੁਲੇਟ ਮੋਟਰਸਾਈਕਲ ’ਤੇ ਲੱਗਿਆ ਨੰਬਰ ਪੁਲੀਸ ਨੂੰ ਦੇ ਦਿੱਤਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਜਾਰੀ
ਏਡੀਸੀਪੀ ਰੁਪਿੰਦਰ ਕੌਰ ਸਰਾਓ ਨੇ ਦੱਸਿਆ ਕਿ ਵਾਰਦਾਤ ਸਵੇਰੇ ਹੋਈ ਹੈ ਤੇ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਕੈਮਰੇ ਦੀ ਫੁਟੇਜ ਚੈਕ ਕਰ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ