ਨਗਰ ਨਿਗਮ ਲਈ ਸਿਰਦਰਦੀ ਬਣ ਚੁੱਕੇ ਯੈੱਸ ਬੈਂਕ ਤੋਂ ਧਾਮੀ ਹਸਪਤਾਲ ਰੋਡ ਦੀ ਸਮੱਸਿਆ ਦਾ ਫਿਲਹਾਲ ਪੱਕਾ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਕਿਚਲੂ ਨਗਰ ਨੇੜੇ ਸੜਕ ਧੱਸਣ ਦੀ ਘਟਨਾ ਤੋਂ ਬਾਅਦ ਨਿਗਮ ਟੀਮਾਂ ਨੇ ਪਿਛਲੇ 24 ਘੰਟਿਆਂ ਦੌਰਾਨ 114 ਇੰਚੀ ਸੀਵਰ ਲਾਈਨ ਦੇ ਨਾਲ ਇੱਕ ਪਾਸੇ 13 ਇੰਚੀ ਦੀ ਦੀਵਾਰ ਖੜ੍ਹੀ ਕਰ ਦਿੱਤੀ ਹੈ। ਨਾਲ ਲੱਗਦੀ ਕੋਠੀ ਦੀ ਨੀਂਹ ਨੂੰ ਬਚਾਉਣ ਲਈ ਮਿੱਟੀ ਦੀਆਂ ਬੋਰੀਆਂ ਅਤੇ ਘਰ ਉੱਪਰ ਤਰਪਾਲ ਪਾਈ ਗਈ ਹੈ ਤਾਂ ਜੋ ਬਾਰਿਸ਼ ਦਾ ਪਾਣੀ ਸਿੱਧਾ ਸੀਵਰੇਜ ਵਿੱਚ ਨਾ ਜਾਵੇ। ਰਿਕਾਰਡ ਅਨੁਸਾਰ ਇਸ ਥਾਂ ’ਤੇ ਪਹਿਲਾ ਵੱਡਾ ਹਾਦਸਾ ਸਾਲ 2011 ’ਚ ਵਾਪਰਿਆ ਸੀ, ਜਦੋਂ ਸੜਕ ਧੱਸਣ ਕਾਰਨ ਟਰੱਕ ਚਾਲਕ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ 2019, 2020 ’ਚ ਦੋ ਵਾਰ, 2022, ਇਸੇ ਸਾਲ ਇੱਕ ਵਾਰ ਅਤੇ ਹੁਣ ਮੁੜ ਇਹ ਘਟਨਾ ਵਾਪਰੀ ਹੈ। ਮੁਰੰਮਤ ਕਾਰਜਾਂ ਦੌਰਾਨ ਖੁਦਾਈ ਕਰਦਿਆਂ ਟਿਊਬਵੈੱਲ ਦੀ ਕਰਾਸ ਹੋ ਰਹੀ ਪਾਈਪ ਨੂੰ ਵੀ ਤੋੜ ਕੇ ਬੰਦ ਕੀਤਾ ਗਿਆ ਹੈ ਤਾਂ ਜੋ ਪਾਣੀ ਦਾ ਵਹਾਅ ਰੋਕਿਆ ਜਾ ਸਕੇ।
ਅਧਿਕਾਰੀਆਂ ਮੁਤਾਬਕ ਸੀਵਰ ਲਾਈਨ, ਮੈਨਹੋਲ ਦੀ ਮੁੜ ਉਸਾਰੀ ਅਤੇ ਸੜਕ ਨੂੰ ਆਵਾਜਾਈ ਲਈ ਬਹਾਲ ਕਰਨ ਵਿੱਚ ਅਜੇ 10 ਤੋਂ 15 ਦਿਨਾਂ ਦਾ ਸਮਾਂ ਹੋਰ ਲੱਗੇਗਾ। ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਖੁਦਾਈ ਦੌਰਾਨ ਸੀਵਰ ਲਾਈਨ ਦੇ ਅੰਦਰੋਂ ਅਣਪਛਾਤੀਆਂ ਟੈਲੀਕਾਮ ਤਾਰਾਂ ਮਿਲੀਆਂ ਹਨ। ਨਿਗਮ ਹੁਣ ਸਬੰਧਤ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਚੰਡੀਗੜ੍ਹ ਹੈੱਡ ਆਫ਼ਿਸ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਸਥਾਨਕ ਪੱਧਰ ’ਤੇ ਪ੍ਰਵਾਨਗੀ ਲਏ ਬਿਨਾਂ ਕੇਬਲ ਵਿਛਾਉਣ ’ਤੇ ਰੋਕ ਲਾਈ ਜਾਵੇ।

