Road Construction Quality: ਦੋ ਦਿਨ ਪਹਿਲਾਂ ਬਣੀ ਸੜਕ ਪੁੱਟ ਕੇ ਦਿਖਾਈ
ਨਵੇਂ ਬਣ ਰਹੇ ਤਹਿਸੀਲ ਰੋਡ ਦੇ ਕੰਮ ਦੀ ਜਾਂਚ ਮੰਗੀ; ਨਿਯਮਾਂ ਦੀ ਅਣਦੇਖੀ ਦਾ ਦੋਸ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੋਪੀ ਸ਼ਰਮਾ ਨੇ ਅੱਜ ਪ੍ਰਸ਼ਾਸਨਿਕ ਨਾਕਾਮੀ ਅਤੇ ਭ੍ਰਿਸ਼ਟਾਚਾਰ ਨੂੰ ਜੱਗ-ਜ਼ਾਹਰ ਕਰਦਿਆਂ ਮਹਿਜ਼ ਦੋ ਦਿਨ ਪਹਿਲਾਂ ਬਣੀ ਸੜਕ ਨੂੰ ਆਪਣੇ ਹੱਥਾਂ ਨਾਲ ਪੁੱਟ ਕੇ ਦਿਖਾਇਆ। ਪੱਤਰਕਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਨਵੇਂ ਬਣ ਰਹੇ ਤਹਿਸੀਲ ਰੋਡ ਦੀ ਉਸਾਰੀ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਬੇਹੱਦ ਘਟੀਆ ਸਮੱਗਰੀ ਵਰਤੀ ਗਈ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਪਾਸੋਂ ਇਲਾਕੇ ਦੀਆਂ ਬਣ ਰਹੀਆਂ ਸੜਕਾਂ ਦੀ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ। ਗੋਪੀ ਸ਼ਰਮਾ ਨੇ ਪੁਲੀਸ ਲਾਈਨ ਅੱਗੇ ਤਹਿਸੀਲ ਰੋਡ ’ਤੇ ਚਾਰ-ਪੰਜ ਥਾਵਾਂ ਤੋਂ ਸੜਕ ਦੀ ਲੁੱਕ ਅਤੇ ਬਜਰੀ ਨੂੰ ਹੱਥਾਂ ਨਾਲ ਆਸਾਨੀ ਨਾਲ ਉਖੇੜਦਿਆਂ ਸਵਾਲ ਕੀਤਾ ਕਿ ਜੇ ਨਵੀਂ ਬਣੀ ਸੜਕ ਦਾ ਇਹ ਹਾਲ ਹੈ, ਤਾਂ ਇਹ ਪੰਜ ਸਾਲ ਕਿਵੇਂ ਕੱਢੇਗੀ? ਉਨ੍ਹਾਂ ਕਿਹਾ ਕਿ ਅਜਿਹੇ ਭ੍ਰਿਸ਼ਟਾਚਾਰ ਕਾਰਨ ਬਦਨਾਮੀ ‘ਆਪ’ ਸਰਕਾਰ ਦੀ ਹੁੰਦੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਮੌਕੇ ਤੋਂ ਹੀ ਲੋਕ ਨਿਰਮਾਣ ਵਿਭਾਗ ਦੇ ਐੱਸ ਡੀ ਓ ਨੂੰ ਫ਼ੋਨ ਕਰ ਕੇ ਸਥਿਤੀ ਬਾਰੇ ਜਾਣੂ ਕਰਵਾਇਆ, ਜਿਸ ‘ਤੇ ਐੱਸ.ਡੀ.ਓ. ਨੇ ਖ਼ੁਦ ਨਿਰੀਖਣ ਕਰਨ ਅਤੇ ਠੇਕੇਦਾਰ ਦੀ ਜਾਬਤਲਬੀ ਕਰਨ ਦਾ ਭਰੋਸਾ ਦਿੱਤਾ। ਦੂਜੇ ਪਾਸੇ, ਨਗਰ ਸੁਧਾਰ ਸਭਾ ਦੇ ਆਗੂਆਂ ਅਤੇ ਜਾਗਰੂਕ ਸ਼ਹਿਰ ਵਾਸੀਆਂ ਨੇ ਵੀ ਸਕੂਲ ਆਫ ਐਮੀਨੈਂਸ ਤੋਂ ਰੇਲਵੇ ਪੁਲ ਵੱਲ ਬਣ ਰਹੀ ਸੜਕ ਦੇ ਕੰਮ ’ਤੇ ਗੰਭੀਰ ਇਤਰਾਜ਼ ਜਤਾਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਸੜਕ ਅਗਾਮੀ ਚੋਣਾਂ ਤੱਕ ਵੀ ਮੁਸ਼ਕਲ ਨਾਲ ਟਿਕੇਗੀ। ‘ਆਪ’ ਆਗੂ ਨੇ ਇਸ ਮੁੱਦੇ ਨੂੰ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਵੀ ਉਭਾਰਿਆ ਅਤੇ ਮੁੱਖ ਮੰਤਰੀ ਨੂੰ ਲਿਖਤੀ ਪੱਤਰ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ।
