ਸੀਵਰੇਜ ਓਵਰਫਲੋਅ ਹੋਣ ਕਾਰਨ ਸੜਕ ਬਣੀ ਛੱਪੜ : The Tribune India

ਸੀਵਰੇਜ ਓਵਰਫਲੋਅ ਹੋਣ ਕਾਰਨ ਸੜਕ ਬਣੀ ਛੱਪੜ

ਸੀਵਰੇਜ ਓਵਰਫਲੋਅ ਹੋਣ ਕਾਰਨ ਸੜਕ ਬਣੀ ਛੱਪੜ

ਮੋਤੀ ਨਗਰ ਦੀ ਮੁੱਖ ਸੜਕ ’ਤੇ ਜਮ੍ਹਾਂ ਸੀਵਰੇਜ ਦਾ ਪਾਣੀ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ

ਲੁਧਿਆਣਾ, 4 ਦਸੰਬਰ

ਸਥਾਨਕ ਮੋਤੀ ਨਗਰ ਵਿੱਚ ਸੀਵਰੇਜ ਦੇ ਓਵਰਫਲੋਅ ਨਾਲ ਸੜਕ ’ਤੇ ਖੜ੍ਹੇ ਗੰਦੇ ਪਾਣੀ ਕਾਰਨ ਲੋਕ ਆਪਣਾ ਰਾਹ ਬਦਲਣ ਲਈ ਮਜਬੂਰ ਹੋ ਗਏ ਹਨ। ਸੜਕ ’ਤੇ ਬਾਣੀ ਖੜ੍ਹਾ ਹੋਣ ਕਾਰਨ ਲੱਖਾਂ ਦੀ ਲਾਗਤ ਨਾਲ ਤਿਆਰ ਹੋਈ ਇਸ ਸੜਕ ਦੇ ਵੀ ਜਲਦੀ ਖਰਾਬ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ।

ਸਥਾਨਕ ਵਰਧਮਾਨ ਮਿੱਲ ਦੇ ਸਾਹਮਣੇ ਪੈਂਦੇ ਇਲਾਕੇ ਮੋਤੀ ਨਗਰ ਵਿੱਚ ਸੀਵਰੇਜ ਜਾਮ ਹੋਣ ਕਾਰਨ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਐਵਰਸਟ ਸਕੂਲ ਦੇ ਸਾਹਮਣੇ ਸੀਵਰੇਜ ਹੋਲ ਵਿੱਚੋਂ ਪਾਣੀ ਓਵਰਫਲੋਅ ਹੋਣ ਕਰਕੇ ਮੋਤੀ ਨਗਰ ਤੋਂ ਚੰਡੀਗੜ੍ਹ ਰੋਡ ਨੂੰ ਜਾਂਦੀ ਸੜਕ ’ਤੇ ਪੂਰਾ ਪਾਣੀ ਭਰਿਆ ਦੇਖਿਆ ਜਾ ਸਕਦਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਛੱਪੜ ਬਣੀ ਇਸ ਸੜਕ ਦੇ ਇੱਕ ਪਾਸੇ ਕਮਿਊਨਟੀ ਸੈਂਟਰ ਅਤੇ ਸੀਨੀਅਰ ਸਿਟੀਜਨ ਹੋਮ ਬਣਿਆ ਹੋਇਆ ਹੈ। ਜਿੱਥੇ ਰੋਜ਼ਾਨਾ ਹੀ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਰਹਿੰਦਾ ਹੈ ਅਤੇ ਕਈ ਉੱਚ ਅਧਿਕਾਰੀਆਂ ਦਾ ਵੀ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਸੜਕ ’ਤੇ ਖੜ੍ਹੇ ਗੰਦੇ ਪਾਣੀ ਵਿੱਚ ਡਿੱਗਣ ਦੇ ਡਰੋਂ ਦੋ-ਪਹੀਆ ਵਾਹਨ ਚਾਲਕ ਅਤੇ ਪੈਦਲ ਰਾਹਗੀਰਾਂ ਨੇ ਮਜ਼ਬੂਰ ਹੋ ਕੇ ਆਪਣਾ ਰਾਹ ਹੀ ਬਦਲ ਲਿਆ ਹੈ। ਜਿਹੜੀਆਂ ਵੱਡੀਆਂ ਗੱਡੀਆਂ ਪਾਣੀ ਵਿੱਚੋਂ ਲੰਘਦੀਆਂ ਵੀ ਹਨ, ਉਹ ਵੀ ਆਲੇ-ਦੁਆਲਿਓਂ ਲੰਘਦੇ ਲੋਕਾਂ ’ਤੇ ਗੰਦੇ ਪਾਣੀ ਦੇ ਛਿੱਟੇ ਪਾਉਂਦੀਆਂ ਜਾ ਰਹੀਆਂ ਹਨ। ਦੂਜੇ ਪਾਸੇ ਰਾਹਗੀਰਾਂ ਦਾ ਤਾਂ ਇਹ ਵੀ ਕਹਿਣਾ ਸੀ ਕਿ ਇਸ ਸੜਕ ਨੂੰ ਬਣਿਆਂ ਵੀ ਅਜੇ ਥੋੜ੍ਹੀ ਦੇਰ ਹੀ ਹੋਈ ਹੈ ਅਤੇ ਜੇਕਰ ਸੀਵਰੇਜ ਦੇ ਓਵਰਫਲੋਅ ਨੂੰ ਨਾ ਰੋਕਿਆ ਗਿਆ ਤਾਂ ਲੱਖਾਂ ਦੀ ਲਾਗਤ ਨਾਲ ਤਿਆਰ ਕੀਤੀ ਸੜਕ ਵੀ ਜਲਦੀ ਖਰਾਬ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ ਦੇ ਟੈਕਸਾਂ ਦੇ ਰੂਪ ਵਿੱਚ ਦਿੱਤੇ ਪੈਸੇ ਨੂੰ ਇਸ ਤਰ੍ਹਾਂ ਖਰਾਬ ਹੋਣ ਤੋਂ ਬਚਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਜਲਦੀ ਹਰਕਤ ਵਿੱਚ ਆਉਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All