ਗੁਰਸ਼ਰਨ ਕਲਾ ਭਵਨ ਵਿੱਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਚਾਰ ਰੋਜ਼ਾ ਨਾਟ ਉਤਸਵ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਅੱਜ ਸਮਾਗਮ ਦਾ ਉਦਘਾਟਨ ਡਾ. ਐੱਸ ਪੀ ਸਿੰਘ, ਡਾ. ਅਵਤਾਰ ਸਿੰਘ, ਡਾ. ਜਗਜੀਤ ਸਿੰਘ, ਪ੍ਰੋ. ਮਨਜੀਤ ਛਾਬੜਾ, ਲੇਖਕ ਤੇ ਪੱਤਰਕਾਰ ਐੱਸ.ਅਸ਼ੋਕ ਭੌਰਾ, ਨਿਰਮਲ ਸਿੰਘ ਧਾਲੀਵਾਲ, ਕ੍ਰਿਸ਼ਨ ਲਾਲ, ਸੁਖਵੰਤ ਮੋਹੀ, ਕੰਵਲਜੀਤ ਖੰਨਾ, ਮਾ. ਉਜਾਗਰ ਸਿੰਘ, ਤਰਕਸ਼ੀਲ ਆਗੂ ਸੁਰਜੀਤ ਦੌਧਰ, ਹਰਕੇਸ਼ ਚੌਧਰੀ ਪ੍ਰਧਾਨ ਲੋਕ ਕਲਾ ਮੰਚ ਨੇ ਮੋਮਬੱਤੀਆਂ ਬਾਲ ਕੇ ਕੀਤਾ। ਇਸ ਉਪਰੰਤ ਲੋਕ ਕਵੀਸ਼ਰੀ ਜਥਾ ਰਸੂਲਪੁਰ ਨੇ ਇਨਕਲਾਬੀ ਰੰਗ ਪੇਸ਼ ਕੀਤਾ। ਜਾਨਵੀ ਸ਼ਰਮਾ ਨੇ ਆਪਣੇ ਅੰਦਾਜ਼ ਵਿੱਚ ਗੀਤ ਪੇਸ਼ ਕੀਤੇ। ਇਸ ਮੌਕੇ ਐੱਸ. ਅਸ਼ੋਕ ਭੌਰਾ ਨੇ ਕਿਹਾ ਕਿ ਅਜਿਹੇ ਮੇਲੇ ਲਗਵਾਉਣੇ ਕੋਈ ਛੋਟਾ ਕਾਰਜ ਨਹੀਂ ਹੁੰਦਾ।
ਇਨਕਲਾਬੀ ਕੇਂਦਰ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਅਜੋਕੇ ਹਾਲਾਤ ਦੀ ਗੱਲ ਕੀਤੀ। ਇਸ ਉਪਰੰਤ ਨਾਟਕ ‘ਬੇੜੀਆਂ ਲੱਗੇ ਸੁਪਨੇ’ ਪੇਸ਼ ਕੀਤਾ ਗਿਆ। ਹਰਕੇਸ਼ ਚੌਧਰੀ ਦਾ ਲਿਖਿਆ ਅਤੇ ਨਿਰਦੇਸ਼ਤ ਇਹ ਨਾਟਕ ਲੋਕ ਕਲਾ ਮੰਚ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ। ਨਾਟਕ ਨੇ ਪਰਵਾਸ ਦੇ ਮੁੱਦੇ ’ਤੇ ਕਈ ਸੰਵੇਦਨਸ਼ੀਲ ਕਹਾਣੀਆਂ ਪੇਸ਼ ਕੀਤੀਆਂ। ਭੋਲੇ-ਭਾਲੇ ਲੋਕਾਂ ਦੀ ਚਲਾਕ ਏਜੰਟਾਂ ਵੱਲੋਂ ਕੀਤੀ ਜਾਂਦੀ ਲੁੱਟ ਅਤੇ ਮਾਲਟਾ ਕਾਂਡ ਵਿੱਚ ਸਮੁੰਦਰ ਦੀਆਂ ਛੱਲਾਂ ਵਿੱਚ ਖ਼ਤਮ ਹੋ ਗਈ ਜਵਾਨੀ ਦੇ ਬਿਰਤਾਂਤ ਨੂੰ ਪੇਸ਼ ਕੀਤਾ ਗਿਆ। ਨਾਟਕ ਵਿੱਚ ਕਮਲਜੀਤ ਮੋਹੀ, ਦੀਪਕ ਰਾਏ, ਰਣਵੀਰ ਸਿੰਘ, ਪਰਦੀਪ ਕੌਰ, ਨੈਨਾ ਸ਼ਰਮਾ, ਭਾਗ ਸਿੰਘ, ਲਖਵੀਰ ਸਿੰਘ, ਕਿਰਨਦੀਪ ਕੌਰ ਅਤੇ ਹਰਕੇਸ਼ ਚੌਧਰੀ ਨੇ ਆਪੋ-ਆਪਣੇ ਕਿਰਦਾਰ ਬਾਖੂਬੀ ਨਿਭਾਏ।
ਇਸ ਮੌਕੇ ਦਵਿੰਦਰ ਲੰਮੇ, ਰਾਜ ਜੋਸ਼ੀ, ਸਤਨਾਮ ਵੜੈਚ, ਉਪਦੇਸ਼, ਮਲਕੀਅਤ ਸਿੰਘ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸ਼ੇਰ ਜੰਗ ਜਾਂਗਲੀ ਦੀ ਪੁਸਤਕ ‘ਝੁਰ ਝੁਰ’ ਵਿਜੇ ਮੋਗਾ ਦੀ ਅਗਵਾਈ ਹੇਠ ਰਿਲੀਜ਼ ਕੀਤੀ ਗਈ। ਇਸ ਮੌਕੇ ਲੈਕਚਰਾਰ ਇਕਬਾਲ ਸਿੰਘ, ਲੈਕਚਰਾਰ ਪਰਗਟ ਸਿੰਘ, ਮਾ. ਗੁਰਜੀਤ ਸਿੰਘ, ਅੰਜੂ ਚੌਧਰੀ, ਨੀਰਜਾ ਬਾਂਸਲ, ਮਾ. ਜਗਦੀਪ ਸਿੰਘ, ਮਾ. ਧਰਮਿੰਦਰ ਸਿੰਘ ਜਾਂਗਪੁਰ, ਰਣਜੀਤ ਸਿੰਘ ਸੰਗੋਵਾਲ, ਤਰਸੇਮ ਸਿੰਘ ਜ਼ੀਰਾ ਅਤੇ ਡਾ. ਪਵਿੱਤਰ ਸਿੰਘ ਅਮਰਗੜ੍ਹ ਹਾਜ਼ਰ ਸਨ।

