
ਸ਼ਹਿਰ ਵਿੱਚ ਇੱਕ ਸੜਕ ’ਤੇ ਬੈਠੀ ਹੋਈ ਲਾਵਾਰਸ ਗਊ।
ਗਗਨਦੀਪ ਅਰੋੜਾ
ਲੁਧਿਆਣਾ, 21 ਮਾਰਚ
ਨਗਰ ਨਿਗਮ ਵੱਲੋਂ ਆਪਣੀ ਗਊਸ਼ਾਲਾ ਬਣਾਉਣ ਦੀ ਯੋਜਨਾ ਕਾਗਜ਼ਾਂ ਤੱਕ ਸੀਮਿਤ ਹੋ ਕੇ ਰਹਿ ਗਈ। ਸ਼ਹਿਰ ਦੀਆਂ ਸੜਕਾਂ ’ਤੇ ਹਰ ਥਾਂ ਬੇਸਹਾਰਾ ਪਸ਼ੂ ਦੇਖਣ ਨੂੰ ਮਿਲ ਰਹੇ ਹਨ। ਅਜਿਹੇ ਵੀ ਨਹੀਂ ਕਿ ਇਨ੍ਹਾਂ ਪਸ਼ੂਆਂ ਨੂੰ ਆਸਰਾ ਦੇਣ ਲਈ ਸੂਬੇ ਦੇ ਸਭ ਤੋਂ ਵੱਡੇ ਨਗਰ ਨਿਗਮ ਕੋਲ ਲੋੜੀਂਦੇ ਫੰਡਾਂ ਦੀ ਕਮੀ ਹੈ। ਨਿਗਮ ਨੇ ਲੋਕਾਂ ਤੋਂ 20 ਕਰੋੜ ਰੁਪਏ ਸਲਾਨਾ ਗਊਸੈੱਸ ਵਸੂਲਣ ਦਾ ਟੀਚਾ ਰੱਖਿਆ ਹੈ। ਨਿਗਮ ਖਾਤੇ ’ਚ ਇਸ ਸਮੇਂ ਗਊਸੈੱਸ ਦੇ 25 ਕਰੋੜ ਰੁਪਏ ਫੰਡ ਵਜੋਂ ਜਮ੍ਹ੍ਵਾਂ ਹਨ ਜਿਸ ਦੇ ਬਾਵਜੂਦ ਬੇਸਹਾਰਾ ਪਸ਼ੂ ਸੜਕਾਂ ਤੇ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ ’ਚ ਘੁੰਮਦੇ ਨਜ਼ਰ ਆ ਰਹੇ ਹਨ ਤੇ ਲੋਕਾਂ ਲਈ ਖ਼ਤਰਾ ਬਣੇ ਹੋਏ ਹਨ। ਸ਼ਹਿਰ ਦੇ ਜਲੰਧਰ ਬਾਈਪਾਸ, ਚੰਡੀਗੜ੍ਹ ਰੋਡ, ਤਾਜਪੁਰ ਰੋਡ, ਹੰਬੜਾ ਰੋਡ, ਐੱਸ.ਬੀ.ਐੱਸ. ਨਗਰ ਤੇ ਸ਼ਹਿਰ ਦੇ ਹੋਰ ਕਈ ਇਲਾਕਿਆਂ ’ਚ ਵੱਡੀ ਗਿਣਤੀ ’ਚ ਅਵਾਰਾ ਪਸ਼ੂ ਘੁੰਮਦੇ ਦੇਖਦੇ ਜਾਂਦੇ ਹਨ।
ਖਾਸ ਗੱਲ ਇਹ ਹੈ ਕਿ ਇਨ੍ਹਾਂ ਪਸ਼ੂਆਂ ਨੂੰ ਆਸਰਾ ਦੇਣ ਲਈ ਨਿਗਮ ਨੇ ਆਪਣੀ ਗਊਸ਼ਾਲਾ ਬਣਾਉਣ ਦਾ ਵੀ ਫ਼ੈਸਲਾ ਲਿਆ ਸੀ, ਪਰ ਇਹ ਸਭ ਕੁਝ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਿਆ ਹੈ। ਸਿਰਫ਼ ਗਊਆਂ ਦੇ ਚਾਰੇ ਦੇ ਨਾਮ ’ਤੇ ਪੈਸਾ ਕੁਝ ਗਊਸ਼ਾਲਾਵਾਂ ਨੂੰ ਵੰਡਿਆ ਜਾ ਰਿਹਾ ਹੈ। ਬੇਸਹਾਰਾ ਪਸ਼ੂ ਹਾਲੇ ਵੀ ਸੜਕਾਂ ’ਤੇ ਘੁੰਮਦੇ ਦਿਖਾਈ ਦਿੰਦੇ ਹਨ। ਪੁਲੀਸ ਅੰਕੜਿਆਂ ਅਨੁਸਾਰ ਹਰ ਸਾਲ 100 ਦੇ ਕਰੀਬ ਲੋਕਾਂ ਦੀਆਂ ਜਾਨਾਂ ਬੇਸਹਾਰਾ ਪਸ਼ੂਆਂ ਨਾਲ ਟਕਰਾਉਣ ਕਾਰਨ ਜਾ ਰਹੀਆਂ ਹਨ। ਧੁੰਦ ਕੋਹਰੇ ਦੇ ਮੌਸਮ ’ਚ ਤਾਂ ਇਹ ਖਤਰਾ ਹੋਰ ਵੀ ਵਧ ਜਾਂਦਾ ਹੈ।
ਟਰੈਫਿਕ ਮਾਹਿਰ ਰਾਹੁਲ ਵਰਮਾ ਨੇ ਕਿਹਾ ਕਿ ਸੜਕਾਂ ’ਤੇ ਲਾਵਾਰਸ ਪਸ਼ੂਆਂ ਨਾਲ ਹੁੰਦੇ ਹਾਦਸਿਆਂ ਦੇ ਬਾਵਜੂਦ ਇਨ੍ਹਾਂ ਦੀ ਰੋਕਥਾਮ ਲਈ ਨਿਗਮ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਸੜਕਾਂ ਤੇ ਬਾਜ਼ਾਰਾਂ ’ਚ ਘੁੰਮ ਰਹੇ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਦੱਸਿਆ, ‘‘ਅਸੀਂ ਇਸ ਸਬੰਧੀ ’ਚ ਪਿਛਲੀਂ ਸਰਕਾਰ ਨੂੰ ਵੀ ਸ਼ਿਕਾਇਤ ਕੀਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਅਸੀਂ ਚਾਹੁੰਦੇ ਹਨ ਕਿ ਆਪ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾ ਲਵੇ।’’
ਗਊਸ਼ਾਲਾਵਾਂ ਨੂੰ ਕਰੋੜਾਂ ਰੁਪਏ ਵੰਡੇ ਪਰ ਸਮੱਸਿਆ ਬਰਕਰਾਰ
ਨਗਰ ਨਿਗਮ ਨੇ ਸ਼ਹਿਰ ਦੀ ਜਨਤਾ ਤੋਂ ਗਊਸੈੱਸ ਦੇ ਨਾਮ ’ਤੇ ਵਸੂਲੀ ਲਈ ਮੌਜੂਦਾ ਸਾਲ ’ਚ 20 ਕਰੋੜ ਰੁਪਏ ਦਾ ਟੀਚਾ ਰੱਖਿਆ ਹੈ। ਵੱਖ-ਵੱਖ ਤਰੀਕਿਆਂ ਨਾਲ ਸ਼ਹਿਰ ਵਾਸੀਆਂ ਤੋਂ ਗਊਸੈੱਸ ਵਸੂਲਿਆ ਜਾ ਚੁੱਕਿਆ ਹੈ। ਸਾਲ 2021-22 ਦੌਰਾਨ ਗਊਸੈਸ ਕਰੀਬ 18 ਕਰੋੜ ਰੁਪਏ ਸੀ। ਨਗਰ ਨਿਗਮ ਨੇ 2022-23 ਦੌਰਾਨ 20 ਕਰੋੜ ਰੁਪਏ ਦਾ ਟੀਚਾ ਰੱਖਿਆ ਹੈ। ਅਜਿਹੇ ’ਚ ਕੁਝ ਚੋਣਵੀਂਆਂ ਗਊਸ਼ਾਲਾਵਾਂ ਦੇ ਲਈ ਜਨਤਾ ਤੋਂ ਗਊਸੈੱਸ ਇਕੱਠਾ ਕੀਤਾ ਗਿਆ। ਪੈਸੇ ਕਰੋੜਾਂ ਦੇ ਹਿਸਾਬ ਨਾਲ ਵੰਡੇ ਵੀ ਗਏ। ਇਸ ਤੋਂ ਬਾਅਦ ਬਾਕੀ 25 ਕਰੋੜ ਰੁਪਏ ਹਾਲੇ ਨਿਗਮ ਦੇ ਖਾਤੇ ’ਚ ਜਮ੍ਹਾਂ ਹੈ। ਇਸ ਦੇ ਬਾਵਜੂਦ ਸ਼ਹਿਰ ’ਚ ਬੇਸਹਾਰਾ ਪਸ਼ੂਆਂ ਦਾ ਸਹੀ ਤਰੀਕੇ ਨਾਲ ਪ੍ਰਬੰਧ ਨਹੀਂ ਹੋ ਪਾ ਰਿਹਾ। ਹਰ ਸਾਲ ਗਊਸੈੱਸ ਦੇ ਰੂਪ ’ਚ ਕਰੋੜਾਂ ਰੁਪਏ ਵਸੂਲੇ ਜਾਣ ਦੇ ਬਾਵਜੂਦ ਵੱਖ-ਵੱਖ ਇਲਾਕਿਆਂ ’ਚ ਅਵਾਰਾ ਪਸ਼ੂਆਂ ਨੂੰ ਇੱਕ ਥਾਂ ਸੰਭਾਲਣ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ।
ਨਿਗਮ ਅਧਿਕਾਰੀ ਨਹੀਂ ਦੇ ਰਹੇ ਧਿਆਨ: ਡਿਪਟੀ ਮੇਅਰ
ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੇ ਸਪੱਸ਼ਟ ਕੀਤਾ ਕਿ ਨਵੀਂਆਂ ਗਊਸ਼ਾਲਾਵਾਂ ਬਣਾਉਣ ਨਾਲੋਂ ਜੇਕਰ ਟਾਈਅਪ ਹੁੰਦਾ ਹੈ ਤਾਂ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਜਾ ਰਹੇ। ਖ਼ੁਦ ਦੀ ਨਵੀਂ ਗਊਸ਼ਾਲਾ ਬਣਾਉਣਾ ਤਾਂ ਦੂਰ ਨਿਗਮ ਅਫ਼ਸਰ ਇਸ ਪਾਸੇ ਕੋਈ ਧਿਆਨ ਹੀ ਨਹੀਂ ਦਿੰਦੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ