Ludhiana Nambaradars ਨੇ ਸੰਘਰਸ਼ ਦਾ ਬਿਗਲ ਵਜਾਇਆ
ਸੰਗਰੂਰ ਰੈਲੀ ਲੲੀ ਲਾਮਬੰਦੀ ਸ਼ੁਰੂ; ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਾਇਆ
ਪਿਛਲੇ ਸਾਢੇ ਚਾਰ ਸਾਲਾਂ ਤੋਂ ਆਪਣੀਆਂ ਮੰਗਾਂ ਲਈ ਜੂਝ ਰਹੇ ਨੰਬਰਦਾਰਾਂ ਨੇ ਸਰਕਾਰ ਦੇ ਲਾਰਿਆਂ ਤੋਂ ਅੱਕ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਨੰਬਰਦਾਰ ਯੂਨੀਅਨ ਰਾਏਕੋਟ ਇਕਾਈ ਦੀ ਮੀਟਿੰਗ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ ਦੀ ਪ੍ਰਧਾਨਗੀ ਹੇਠ ਹੋਈ। ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੰਬਰਦਾਰਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ 4 ਅਕਤੂਬਰ ਨੂੰ ਸੰਗਰੂਰ ਵਿੱਚ ਹੋ ਰਹੀ ਰੈਲੀ ਵਿੱਚ ਸ਼ਾਮਲ ਹੋਣ ਲਈ ਲਾਮਬੰਦੀ ਕੀਤੀ। ਨੰਬਰਦਾਰਾਂ ਨੇ ਸਰਕਾਰ ਨੂੰ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਮਤਾ ਪਾਸ ਕੀਤਾ। ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਨੇ ਕਿਹਾ ਕਿ ਸਰਕਾਰ ਜੱਦੀ ਪੁਸ਼ਤੀ ਨੰਬਰਦਾਰੀ, ਮਾਣ-ਭੱਤੇ ’ਚ ਵਾਧਾ ਆਦਿ ਮੰਗਾਂ ਨੂੰ ਪੂਰਾ ਕਰਨ ਦੀ ਥਾਂ ਸਾਢੇ ਚਾਰ ਸਾਲਾਂ ਤੋਂ ਲਾਅਰੇ ਲਾ ਰਹੀ ਹੈ। ਉਨ੍ਹਾਂ ਕਿਹਾ ਕਿ 4 ਅਕਤੂਬਰ ਨੂੰ ਸਮੁੱਚਾ ਨੰਬਰਦਾਰ ਭਾਈਚਾਰਾ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਘਿਰਾਓ ਕਰੇਗਾ। ਉਨ੍ਹਾਂ ਨੰਬਰਦਾਰਾਂ ਨੂੰ ਉਕਤ ਰੈਲੀ ਅਤੇ ਰੋਸ ਧਰਨੇ ਨੂੰ ਸਫਲ ਬਣਾਉਣ ਲਈ ਇੱਕ ਮੰਚ ’ਤੇ ਇਕੱਤਰ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਚੋਣ ਵਾਅਦਿਆਂ ਤੋਂ ਮੁੱਕਰੀ ਸਰਕਾਰ ਨੂੰ ਨੀਂਦ ਚੋਂ ਜਗਾਉਣ ਲਈ ਤਿੱਖੇ ਸੰਘਰਸ ਤੋਂ ਬਿਨਾਂ ਕੋਈ ਰਾਹ ਨਹੀਂ ਹੈ। ਇਸ ਮੌਕੇ ਨਵੇਂ ਬਣੇ ਨੰਬਰਦਾਰ ਬਾਵਾ ਸਿੰਘ ਰਾਏਕੋਟ, ਕੈਪਟਨ ਸਿੰਘ ਜੌਹਲਾਂ, ਰਾਜਵੀਰ ਸਿੰਘ ਸ਼ਾਹਜਹਾਨਪੁਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪ੍ਰੀਤਮ ਸਿੰਘ ਰਟੌਲ, ਬਲਜਿੰਦਰ ਕੌਰ ਨੰਗਲ ਕਲਾਂ, ਦਰਸ਼ਨ ਸਿੰਘ ਐਤੀਆਣਾ, ਸਿਕੰਦਰ ਸਿੰਘ ਰਾਜਗੜ੍ਹ, ਰਮੇਸ਼ਵਰ ਸਿੰਘ ਟੂਸਾ, ਬਲਜੀਤ ਸਿੰਘ ਉਮਰਪੁਰਾ, ਬਲਜਿੰਦਰ ਸਿੰਘ ਅਕਾਲਗੜ੍ਹ, ਸੁਖਜਿੰਦਰ ਸਿੰਘ ਸੁਧਾਰ, ਅਮਰੀਕ ਸਿੰਘ ਅਕਾਲਗੜ੍ਹ, ਮਨਦੀਪ ਸਿੰਘ ਪੱਖੋਵਾਲ, ਬਸ਼ੀਰ, ਅਜਮੇਰ ਸਿੰਘ ਰਾਜਗੜ੍ਹ, ਬਲਵੰਤ ਸਿੰਘ ਬਿੰਜਲ, ਜਗਦੇਵ ਸਿੰਘ ਨੱਥੋਵਾਲ, ਮੇਜਰ ਸਿੰਘ ਧੂਰਕੋਟ, ਕਰਨੈਲ ਸਿੰਘ ਭੈਣੀ ਰੋੜ੍ਹਾ, ਨਿਸ਼ਾਨ ਸਿੰਘ ਬੜੂੰਦੀ ਅਤੇ ਨਿਰਮਲ ਸਿੰਘ ਹਾਜ਼ਰ ਸਨ।

