ਨਗਰ ਸੁਧਾਰ ਟਰੱਸਟ ਨੇ ਨਾਜਾਇਜ਼ ਕਬਜ਼ੇ ਹਟਾਏ : The Tribune India

ਨਗਰ ਸੁਧਾਰ ਟਰੱਸਟ ਨੇ ਨਾਜਾਇਜ਼ ਕਬਜ਼ੇ ਹਟਾਏ

ਨਗਰ ਸੁਧਾਰ ਟਰੱਸਟ ਨੇ ਨਾਜਾਇਜ਼ ਕਬਜ਼ੇ ਹਟਾਏ

ਦੁਕਾਨਾਂ ਅੱਗੇ ਲੱਗੇ ਨਾਜਾਇਜ਼ ਦਰਵਾਜ਼ੇ ਢਾਹੁੰਦੀ ਹੋਈ ਜੇਸੀਬੀ ਮਸ਼ੀਨ।

ਨਿੱਜੀ ਪੱਤਰ ਪ੍ਰੇਰਕ
ਖੰਨਾ, 9 ਦਸੰਬਰ

ਸ਼ਹਿਰ ਦਾ ਦਿਲ ਕਹੀ ਜਾਣ ਵਾਲੀ ਨੈਸ਼ਨਲ ਹਾਈਵੇਅ ’ਤੇ ਸਥਿਤ ਗੁਰੂ ਅਮਰਦਾਸ ਮਾਰਕੀਟ ਅਤੇ ਕਰਨੈਲ ਸਿੰਘ ਰੋਡ ਉੱਤੇ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਸੁਧਾਰ ਟਰੱਸਟ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਨਾਜਾਇਜ਼ ਉਸਾਰੀਆਂ ਢਾਹੁਣ ਲਈ ਪ੍ਰਸ਼ਾਸਨ ਵੱਲੋਂ ਡਿਊਟੀ ਮੈਜਿਸਟ੍ਰੇਟ ਲਗਾ ਕੇ ਕਾਰਵਾਈ ਕੀਤੀ ਗਈ। ਇਸ ਸਬੰਧੀ ਦੁਕਾਨਦਾਰਾਂ ਵੱਲੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨਾਲ ਮੀਟਿੰਗ ਕੀਤੀ ਗਈ ਪਰ ਉਨ੍ਹਾਂ ਹਾਈ ਕੋਰਟ ਦੇ ਆਦੇਸ਼ਾਂ ਅੱਗੇ ਹੱਥ ਖੜ੍ਹੇ ਕਰ ਦਿੱਤੇ। ਜ਼ਿਕਰਯੋਗ ਹੈ ਕਿ ਲੋਕ ਸੇਵਾ ਕਲੱਬ ਦੇ ਪ੍ਰਧਾਨ ਪੀਡੀ ਬਾਂਸਲ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਇਸ ਪੀਆਈਐਲ ਦੀ ਸੁਣਵਾਈ ਤੋਂ ਪਹਿਲਾਂ ਹੀ ਸਰਕਾਰ ਚੌਕਸ ਹੋ ਗਈ ਹੈ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੇਸ ਦੀ ਤਰੀਕ ਤੋਂ ਪਹਿਲਾਂ ਇਨ੍ਹਾਂ ਕਬਜ਼ਾਧਾਰਕਾਂ ’ਤੇ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸ੍ਰੀ ਬਾਂਸਲ ਨੂੰ ਏਡੀਸੀ ਅਮਰਜੀਤ ਸਿੰਘ ਬੈਂਸ ਨੇ ਕੁਝ ਦਿਨਾਂ ਵਿਚ ਕਾਰਵਾਈ ਦਾ ਭਰੋਸਾ ਦਿੱਤਾ ਸੀ। ਅੱਜ ਸਵੇਰੇ ਜਦੋਂ ਪੁਲੀਸ ਅਤੇ ਪ੍ਰਸ਼ਾਸਨ ਦੀ ਟੀਮ ਜੇਸੀਬੀ ਮਸ਼ੀਨ ਸਣੇ ਪੁੱਜੀ ਤਾਂ ਦੁਕਾਨਦਾਰਾਂ ਨੂੰ ਭਾਜੜਾਂ ਪੈ ਗਈਆਂ। ਇਸ ਮਾਰਕੀਟ ਵਿਚ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ 10-10 ਫੁੱਟ ਦਾ ਰਸਤਾ ਰੋਕ ਕੇ ਆਪਣਾ ਸਾਮਾਨ ਲਾਇਆ ਹੋਇਆ ਸੀ। ਇਸੇ ਤਰ੍ਹਾਂ ਕਰੀਬ 36 ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੰਦਰ ਨਾਜਾਇਜ਼ ਬੇਸਮੈਂਟਾਂ ਅਤੇ ਦੁਕਾਨਾਂ ਉੱਪਰ ਵਾਧਰੇ ਵੀ ਉਸਾਰੇ ਹੋਏ ਸਨ। ਇਸ ਮਾਰਕੀਟ ਵਿਚ ਅੱਜ ਕਰੀਬ 150 ਤੋਂ ਵਧੇਰੇ ਦੁਕਾਨਦਾਰਾਂ ਦੇ ਨਾਜਾਇਜ਼ ਕਬਜ਼ੇ ਹਟਾਏ ਗਏ। ਦੁਕਾਨਾਂ ਅੱਗੇ ਲੱਗੇ ਬੋਰਡ, ਸ਼ਟਰ ਆਦਿ ਵੀ ਪੁੱਟ ਦਿੱਤੇ ਗਏ ਅਤੇ ਬਰਾਂਡੇ ਵੀ ਢਾਹੇ ਗਏ।

ਕਾਰਜਸਾਧਕ ਅਫ਼ਸਰ ਨੇ ਦੱਸਿਆ ਕਿ ਇਹ ਕਾਰਵਾਈ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਇਸ ਮਾਰਕੀਟ ਦੇ ਸਾਰੇ ਨਾਜਾਇਜ਼ ਕਬਜ਼ੇ ਹਟਾਏ ਨਹੀਂ ਜਾਂਦੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All