ਗਗਨਦੀਪ ਅਰੋੜਾ
ਲੁਧਿਆਣਾ, 21 ਸਤੰਬਰ
ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਕਾਂਗਰਸੀ ਆਗੂ ਦਰਸ਼ਨ ਲਾਲ ਦੀ ਸੱਤ ਮਜ਼ਿਲਾ ਇਮਾਰਤ ਅੱਜ ਨਗਰ ਨਿਗਮ ਨੇ ਸੀਲ ਕਰ ਦਿੱਤੀ। ਸੂਬੇ ਦੀ ਸਭ ਤੋਂ ਵੱਡੀ ਹੋਲਸੇਲ ਮਾਰਕੀਟ ਵਿੱਚ ਕਾਂਗਰਸੀ ਆਗੂ ਵੱਲੋਂ 7 ਮੰਜ਼ਿਲਾ ਬਿਲਡਿੰਗ ਖੜ੍ਹੀ ਕਰ ਦਿੱਤੀ ਸੀ। ਕਈ ਵਾਰ ਨੋਟਿਸ ਤੇ ਬਿਲਡਿੰਗ ਸੀਲ ਹੋਣ ਦੇ ਬਾਵਜੂਦ ਕਾਂਗਰਸੀ ਆਗੂ ਨੇ 7ਵੀਂ ਮੰਜ਼ਿਲ ਦਾ ਲੈਂਟਰ ਵੀ ਪਾ ਦਿੱਤਾ ਸੀ। ਜਦਕਿ ਨਗਰ ਨਿਗਮ ਦੀ ਟੀਮ ਨੇ ਇੱਥੇ ਰਾਖੀ ਲਈ ਨਗਰ ਨਿਗਮ ਦੇ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਵੀ ਕੀਤਾ ਸੀ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਗਲਤ ਉਸਾਰੀ ਨਾ ਕੀਤੀ ਜਾ ਸਕੇ। ਪਰ ਇਸ ਦੇ ਬਾਵਜੂਦ ਉਸ ਨੇ 7ਵੀਂ ਮੰਜ਼ਿਲ ਦਾ ਲੈਂਟਰ ਪਾ ਦਿੱਤਾ ਸੀ।
ਨਗਰ ਨਿਗਮ ਅਧਿਕਾਰੀਆਂ ਕੋਲ ਜਦੋਂ ਇਹ ਸ਼ਿਕਾਇਤ ਪੁੱਜੀ ਤਾਂ ਪਹਿਲਾਂ ਏਟੀਪੀ ਮੋਹਨ ਸਿੰਘ ਇਸ ਮਾਮਲੇ ਲਈ ਬਿਲਡਿੰਗ ਇੰਸਪੈਕਟਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ। ਉਸ ਤੋਂ ਬਾਅਦ ਇਸ ਮਾਮਲੇ ਵਿੱਚ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ।
ਮਾਮਲਾ ਜਦੋਂ ਉਚ ਅਧਿਕਾਰੀਆਂ ਤੱਕ ਪੁੱਜਿਆ ਤਾਂ ਵੀਰਵਾਰ ਸ਼ਾਮ ਨੂੰ ਏਟੀਪੀ ਮੋਹਨ ਸਿੰਘ ਨੇ ਇਸ ਬਿਲਡਿੰਗ ਨੂੰ ਸੀਲ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਇਸ ਬਿਲਡਿੰਗ ਨੂੰ ਦੋ ਵਾਰ ਸੀਲ ਕੀਤਾ, ਫਿਰ ਬਿਲਡਿੰਗ ਦੀ ਸੀਲ ਕਿਵੇਂ ਖੁੱਲ੍ਹੀ, ਉਸ ਬਾਰੇ ਕੁੱਝ ਪਤਾ ਨਹੀਂ। ਉਧਰ, ਸਾਬਕਾ ਕਾਂਗਰਸੀ ਆਗੂ ਦਰਸ਼ਨ ਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਲੈਂਟਰ ਨਹੀਂ ਪਾਇਆ। ਉਥੇ ਸਿਰਫ਼ ਜਨਰੇਟਰ ਰੂਮ ਤੇ ਬਾਥਰੂਮ ਬਣਾਏ ਗਏ ਹਨ।
ਨਾਜਾਇਜ਼ ਉਸਾਰੀਆਂ ’ਤੇ ਨਿਗਮ ਟੀਮ ਦੀ ਕਾਰਵਾਈ
ਨਗਰ ਨਿਗਮ ਦੀ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਵੀ ਹੈਬੋਵਾਲ ਕਲਾਂ ਵਿੱਚ ਨਾਜਾਇਜ਼ ਦੁਕਾਨਾਂ ਖ਼ਿਲਾਫ਼ ਕਾਰਵਾਈ ਕੀਤੀ ਸੀ, ਪਰ ਮਾਲਕ ਨੇ ਦੁਬਾਰਾ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਵੀਰਵਾਰ ਨੂੰ ਦੁਬਾਰਾ ਕਾਰਵਾਈ ਕੀਤੀ ਗਈ ਹੈ। ਦੁਕਾਨਾਂ ਦੀ ਉਸਾਰੀ ਇਮਾਰਤੀ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਗਈ ਸੀ। ਦੂਜੇ ਪਾਸੇ ਚਾਂਦ ਸਿਨੇਮਾ ਨੇੜੇ ਬਹੁ-ਮੰਜ਼ਿਲਾ ਕੰਪਲੈਕਸ ਨੂੰ ਗੈਰ-ਕਾਨੂੰਨੀ ਉਸਾਰੀ ਕਾਰਨ ਸੀਲ ਕਰ ਦਿੱਤਾ ਗਿਆ ਹੈ ਕਿਉਂਕਿ ਮਾਲਕ ਵੱਲੋਂ ਪਿਛਲੇ ਸਮੇਂ ਵਿੱਚ ਨੋਟਿਸ ਅਤੇ ਚਿਤਾਵਨੀਆਂ ਦੇ ਬਾਵਜੂਦ ਉਸਾਰੀ ਦਾ ਕੰਮ ਜਾਰੀ ਰੱਖਿਆ ਗਿਆ ਸੀ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਨਾਜਾਇਜ਼ ਉਸਾਰੀਆਂ ਵਿਰੁੱਧ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੰਦੀਪ ਰਿਸ਼ੀ ਨੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਉਸਾਰੀ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਤੇ ਨਕਸ਼ੇ ਮਨਜ਼ੂਰ ਕਰਵਾਉਣ ਅਤੇ ਬਿਲਡਿੰਗ ਬਾਈਲਾਜ਼ ਅਨੁਸਾਰ ਹੀ ਇਮਾਰਤਾਂ ਦੀ ਉਸਾਰੀ ਕੀਤੀ ਜਾਵੇ ਨਹੀਂ ਤਾਂ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।