ਲੁਧਿਆਣਾ ’ਚ ਕਾਨੂੰਨ ਵਿਵਸਥਾ ਲੀਹੋਂ ਲੱਥੀ

ਰੋਜ਼ਾਨਾ ਹੋ ਰਹੀਆਂ ਕਤਲੋਗਾਰਤ, ਲੁੱਟ ਖੋਹ ਅਤੇ ਗੋਲੀਆਂ ਚੱਲਣ ਦੀਆਂ ਘਟਨਾਵਾਂ ਤੋਂ ਲੋਕ ਸਹਿਮੇ

ਲੁਧਿਆਣਾ ’ਚ ਕਾਨੂੰਨ ਵਿਵਸਥਾ ਲੀਹੋਂ ਲੱਥੀ

ਲੁਧਿਆਣਾ ਵਿੱਚ ਦੋਹਰੇ ਕਤਲ ਮਾਮਲੇ ਵਿੱਚ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ।

ਗਗਨਦੀਪ ਅਰੋੜਾ

ਲੁਧਿਆਣਾ, 25 ਮਈ

ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਤਬਾਦਲੇ ਕਰ ਦਿੱਤੇ ਗਏ ਹਨ। ਲੁਧਿਆਣਾ ਪੁਲੀਸ ਕਮਿਸ਼ਨਰ ਨੂੰ ਵੀ ਸ਼ਹਿਰ ’ਚ ਅਹੁਦਾ ਸੰਭਾਲੇ ਹੋਏ ਸਮਾਂ ਬੀਤ ਚੁੱਕਿਆ ਹੈ। ਸ਼ਹਿਰ ’ਚ ਰੋਜ਼ਾਨਾ ਕਤਲ ਦੀਆਂ ਵਾਰਦਾਤਾਂ ਦੇ ਨਾਲ ਨਾਲ ਲੁੱਟਾਂ ਖੋਹਾਂ ਹੋ ਰਹੀਆਂ ਹਨ। ਗੋਲੀਆਂ ਚੱਲ ਰਹੀਆਂ ਹਨ, ਪਰ ਉਸ ਦੇ ਬਾਵਜੂਦ ਵੀ ਪੁਲੀਸ ਕਮਿਸ਼ਨਰੇਟ ਦਾ ਕਹਿਣਾ ਹੈ ਕਿ ਸਭ ਕੁਝ ਠੀਕ ਹੈ। ਸ਼ਹਿਰ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜੀ ਹੋਈ ਹੈ। ਕ੍ਰਾਈਮ ਨੂੰ ਕੰਟਰੋਲ ਕਰਨ ਲਈ ਪੁਲੀਸ ਦੀਆਂ ਸਾਰੀਆਂ ਯੋਜਨਾਵਾਂ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀਆਂ ਹਨ ਤੇ ਪੁਲੀਸ ਹਰ ਤਰ੍ਹਾਂ ’ਤੇ ਫਾਡੀ ਸਾਬਤ ਹੋ ਰਹੀ ਹੈ। ਇਸ ਦਾ ਖਾਮਿਆਜ਼ਾ ਸ਼ਹਿਰ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਸ਼ਹਿਰ ’ਚ ਜੇ ਪਿਛਲੇਂ ਕੁਝ ਸਮੇਂ ’ਤੇ ਹੀ ਨਜ਼ਰ ਮਾਰੀ ਜਾਵੇ ਤਾਂ ਕਈ ਲੁੱਟ ਦੀਆਂ ਵਾਰਦਾਤਾਂ ਦੇ ਨਾਲ-ਨਾਲ ਗੋਲੀਆਂ ਚੱਲੀਆਂ ਤੇ ਕਤਲ ਦੀਆਂ ਵਾਰਦਾਤਾਂ ਹੋਈਆਂ। ਮੋਬਾਈਲ ਖੋਹ ਅਤੇ ਚੇਨ ਲੁੱਟਣ ਦੀਆਂ ਵਾਰਦਾਤਾਂ ਤਾਂ ਆਮ ਜਿਹੀ ਗੱਲ ਹੋ ਗਈਆਂ ਹਨ। ਪੁਲੀਸ ਚੰਦ ਛੋਟੇ ਲੁਟੇਰਿਆਂ ਨੂੰ ਕਾਬੂ ਕਰ ਆਪਣੀ ਪਿੱਠ ਥਾਪੜ ਰਹੀ ਹੈ, ਪਰ ਉਸ ਤੋਂ ਬਾਅਦ ਵੱਡੀਆਂ ਵਾਰਦਾਤਾਂ ਹੋ ਜਾਂਦੀਆਂ ਹਨ ਤੇ ਲੋਕਾਂ ਦਾ ਭਰੋਸਾ ਪੁਲੀਸ ਤੋਂ ਹਿੱਲ ਜਾਂਦਾ ਹੈ। ਪੁਲੀਸ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਸ਼ਹਿਰ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਠੀਕ ਹੈ, ਪਰ ਹਾਲਾਤ ਕੁਝ ਹੋਰ ਹੀ ਬਿਆਨ ਕਰਦੇ ਹਨ। ਸ਼ਹਿਰ ’ਚ ਲਗਾਤਾਰ ਵੱਧ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਸਾਰੇ ਅਧਿਕਾਰੀਆਂ ਤੇ ਥਾਣਾ ਇੰਚਾਰਜਾਂ ਦੇ ਨਾਲ ਕ੍ਰਾਈਮ ਮੀਟਿੰਗ ਵੀ ਕੀਤੀ ਸੀ। ਜਿਸ ਨਾਲ ਸ਼ਹਿਰ ’ਚ ਵੱਧ ਰਹੇ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਯੋਜਨਾਵਾਂ ਉਲੀਕੀਆਂ ਗਈਆਂ ਸਨ ਤੇ ਅਧਿਕਾਰੀਆਂ ਨੂੰ ਹੁਕਮ ਵੀ ਜਾਰੀ ਕੀਤੇ ਗਏ ਸਨ। ਇਸ ਦੇ ਬਾਵਜੂਦ ਨਸ਼ਾ ਤਸਕਰਾਂ ’ਤੇ ਨਕੇਲ ਕੱਸਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਸਨ। ਹਦਾਇਤਾਂ ਮਿਲਣ ਤੋਂ ਬਾਅਦ ਹਰ ਥਾਣੇ ਦੀ ਪੁਲੀਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਪੁਲੀਸ ਨੇ ਨਾਕੇ ਵੀ ਲਾਏ ਪਰ ਪੁਲੀਸ ਨੂੰ ਕੀ ਪਤਾ ਸੀ ਕਿ ਚੋਰ ਲੁਟੇਰੇ ਹੁਣ ਉਨ੍ਹਾਂ ਦੀ ਸੋਚ ਤੋਂ ਇੱਕ ਕਦਮ ਅੱਗੇ ਸੋਚ ਰਹੇ ਹਨ। ਜਦੋਂ ਡੇਢ-ਦੋ ਘੰਟੇ ਬਾਅਦ ਪੁਲੀਸ ਦਾ ਨਾਕਾ ਖਤਮ ਹੋ ਜਾਂਦਾ ਹੈ ਤੇ ਸਾਰੀ ਪੁਲੀਸ ਆਪਣੇ ਆਪਣੇ ਘਰ ਚਲੀ ਜਾਂਦੀ ਹੈ ਤਾਂ ਲੁਟੇਰੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ।

ਪਿਛਲੇ ਦੋ ਮਹੀਨਿਆਂ ਵਿੱਚ ਹੋਈਆਂ ਘਟਨਾਵਾਂ ਦਾ ਲੇਖਾ-ਜੋਖਾ

ਜੇਕਰ 2 ਮਹੀਨੇ ਦੀਆਂ ਵਾਰਾਤਾਂ ’ਤੇ ਨਜ਼ਰ ਮਾਰੀਏ ਤਾਂ ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੇ ਅਹੁਦਾ ਸੰਭਾਲਣ ਤੋਂ ਇੱਕ ਦਿਨ ਪਹਿਲਾਂ ਕੇਸਰਗੰਜ ਮੰਡੀ ’ਚ ਵਪਾਰੀ ਤੋਂ 32 ਲੱਖ ਖੋਹੇ। ਟਿੱਬਾ ਦੇ ਪੁਨੀਤ ਨਗਰ ਇਲਾਕੇ ’ਚ ਕੇਕ ਕੱਟਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਨੌਜਵਾਨਾਂ ਨੇ ਪਰਿਵਾਰ ’ਤੇ ਗੋਲੀਆਂ ਚਲਾਈਆਂ। ਟਿੱਬਾ ਇਲਾਕੇ ’ਚ ਹੀ ਸ਼ੁਭਾਸ਼ ਨਗਰ ਵਿੱਚ ਮੋਟਰਸਾਈਕਲ ਪਾਸ ਕਰਨ ਨੂੰ ਲੈ ਕੇ ਬਦਮਾਸ਼ਾਂ ਨੇ ਪਰਿਵਾਰ ’ਤੇ ਗੋਲੀਆਂ ਚਲਾਈਆਂ। ਭਾਈ ਰਣਧੀਰ ਸਿੰਘ ਨਗਰ ਇਲਾਕੇ ’ਚ ਜੋੜੇ ਦਾ ਕਤਲ ਹੋਇਆ। ਕੁਝ ਦਿਨ ਪਹਿਲਾਂ ਡਾਬਾ ਇਲਾਕੇ ’ਚ ਪਰਿਵਾਰ ਨੂੰ ਬੰਦੀ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸਮਰਾਲਾ ਚੌਕ ਦੇ ਨੇੜੇ ਪੈਟਰੋਲ ਪਵਾਉਣ ਆਏ ਨੌਜਵਾਨ ’ਤੇ ਐਕਟਿਵਾ ਸਵਾਰ ਨੇ ਗੋਲੀਆਂ ਚਲਾਈਆਂ। ਢੋਲੇਵਾਲ ਚੌਕ ਨੇੜੇ ਨੌਜਵਾਨ ’ਤੇ ਫਾਇਰ ਕੀਤਾ ਤੇ ਚਾਕੂ ਮਾਰ ਕੇ ਫ਼ਰਾਰ ਹੋ ਗਿਆ। ਸਲੇਮ ਟਾਬਰੀ ਇਲਾਕੇ ’ਚ 10 ਸਾਲ ਦੇ ਬੱਚੇ ਨਾਲ ਬਦਫੈਲੀ ਮਗਰੋਂ ਉਸ ਦਾ ਕਤਲ ਕਰ ਦਿੱਤਾ। ਫੋਕਲ ਪੁਆਇੰਟ ਇਲਾਕੇ ’ਚ ਫੈਕਟਰੀ ’ਚ ਫਾਈਰਿੰਗ ਕਰ 15 ਲੱਖ ਲੁੱਟੇ। ਮਨੀ ਐਕਸਚੇਂਜਰ ਤੋਂ ਗੰਨ ਪੁਆਇੰਟ ’ਤੇ ਸਾਢੇ 4 ਲੱਖ ਦੀ ਲੁੱਟ ਹੋਈ। ਸ਼ਿਮਲਾਪੁਰੀ ਇਲਾਕੇ ’ਚ ਮਨੀ ਐਕਸਚੇਂਜਰ ਤੋਂ ਗੰਨ ਪੁਆਇੰਟ ’ਤੇ 11 ਲੱਖ ਲੁੱਟੇ। ਟਿੱਬਾ ਖੇਤਰ ’ਚ ਨੌਜਵਾਨ ਦਾ ਕਤਲ ਕਰ ਲਾਸ਼ ਦੇ ਟੁੱਕੜੇ ਕਰ ਸੁੱਟੇ ਸਨ। ਗੈਂਗਸਟਰ ਬਾੜੇਵਾਲੀਆ ਨੇ ਗੰਨ ਪੁਆਇੰਟ ’ਤੇ ਨੌਜਵਾਨ ਨੂੰ ਬੰਦੀ ਬਣਾ ਕੇ ਮੰਗੀ ਸੀ ਫਿਰੌਤੀ। ਪਰਿਵਾਰ ਨੂੰ ਬੇਹੋਸ਼ ਕਰਕੇ ਨੇਪਾਲੀ ਨੌਕਰਾਂ ਨੇ ਘਰ ’ਚੋਂ ਲੱਖਾਂ ਦੀ ਨਗਦੀ ਤੇ ਗਹਿਣੇ ਲੁੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਨਸ਼ਾ ਤਸਕਰ ਨੂੰ ਫੜਨ ਗਈ ਐੱਸਟੀਐਫ਼ ਦੀ ਟੀਮ ’ਤੇ ਹੋਈ ਸੀ ਫਾਈਰਿੰਗ। ਸੇਵਾ ਮੁਕਤ ਆਈਜੀ ਦੀ ਮਾਂ ਨੂੰ ਬੇਹੋਸ਼ ਕਰ ਨੇਪਾਲੀ ਨੌਕਰਾਂ ਨੇ ਕੀਤੀ ਸੀ ਲੁੱਟ। ਹੈਬੋਵਾਲ ਇਲਾਕੇ ’ਚ ਸਕੂਲ ਦੇ ਬਾਹਰ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾਈਆਂ। ਹਾਊਸ ਵਰਲਡ ਕੋਲ ਬੰਦੂਕ ਦੀ ਨੋਕ ’ਤੇ ਗੱਡੀ ਲੁੱਟੀ। ਸੈਕਟਰ 32 ਵਿੱਚ ਸੈਰ ਕਰ ਰਹੇ ਡੀਐੱਸਪੀ ਤੋਂ ਲੁਟੇਰੇ ਮੋਬਾਈਲ ਹੋ ਕੇ ਫ਼ਰਾਰ ਹੋ ਗਏ ਸਨ। ਡਾਬਾ ਇਲਾਕੇ ’ਚ ਨੌਜਵਾਨਾਂ ਨੇ ਪੁਲੀਸ ਕਰਮੀ ਨੂੰ ਕੁੱਟਮਾਰ ਕਰਕੇ ਹੁਣੇ ਐਂਡੇਵਰ ਖੋਹੀ ਸੀ।

ਹਥਿਆਰਬੰਦ ਲੁਟੇਰੇ ਮੋਟਰਸਾਈਕਲ ਤੇ ਮੋਬਾਈਲ ਖੋਹ ਕੇ ਫ਼ਰਾਰ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਪਿਛਲੇ 24 ਘੰਟਿਆਂ ਦੌਰਾਨ ਵੱਖ ਵੱਖ ਇਲਾਕਿਆਂ ਵਿੱਚ ਹਥਿਆਰਬੰਦ ਲੁਟੇਰੇ ਤਿੰਨ ਜਣਿਆਂ ਤੋਂ ਮੋਟਰਸਾਈਕਲ ਅਤੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਭਗਤ ਸਿੰਘ ਕਲੋਨੀ ਵਾਸੀ ਮੁਹੰਮਦ ਹਸਨ ਨੇ ਦੱਸਿਆ ਹੈ ਕਿ ਉਹ ਸਰਾਭਾ ਨਗਰ ਵਿੱਚ ਕੰਮ ਤੋਂ ਵਿਹਲਾ ਹੋ ਕੇ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ ਤਾਂ ਉਸ ਦਾ ਮੋਟਰਸਾਈਕਲ ਤੇ ਟੰਗਿਆ ਬੈਗ ਜਿਸ ਵਿੱਚ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਰੋਟੀ ਵਾਲਾ ਡੱਬਾ ਅਤੇ 2 ਹਜ਼ਾਰ ਰੁਪਏ ਦੀ ਨਕਦੀ ਸੀ, ਕਿਧਰੇ ਡਿੱਗ ਪਿਆ। ਰਾਤ ਸਮੇਂ ਉਹ ਆਪਣੇ ਦੋਸਤ ਬਸੰਤ ਨਾਲ ਜਦੋਂ ਬੈਗ ਦੀ ਭਾਲ ਲਈ ਚੀਮਾ ਚੌਕ ਨੇੜੇ ਸ਼ਿਵ ਚੌਕ ਕੋਲ ਪੁੱਜਾ ਤਾਂ ਮੋਟਰਸਾਈਕਲ ’ਤੇ ਤਿੰਨ ਜਣੇ ਆਏ ਜਿਨ੍ਹਾਂ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਦਾ ਮੋਟਰਸਾਈਕਲ ਖੋਹ ਲਿਆ ਅਤੇ ਫਰਾਰ ਹੋ ਗਏ। ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਲਾਡੋਵਾਲ ਵਾਸੀ ਰੂਬੀ ਨੇ ਦੱਸਿਆ ਹੈ ਕਿ ਉਹ ਕੰਮ ਤੋਂ ਛੁੱਟੀ ਕਰਕੇ ਆਟੋ ਵਿੱਚ ਬੈਠੀ ਘਰ ਜਾ ਰਹੀ ਸੀ ਤਾਂ ਸਲੇਮ ਟਾਬਰੀ ਪੈਟਰੋਲ ਪੰਪ ਕੋਲ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਹੱਥੋਂ ਮੋਬਾਈਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਨੂੰ ਦੀਪਕ ਕਾਲੜਾ ਵਾਸੀ ਪੁਨੀਤ ਨਗਰ ਨੇ ਦੱਸਿਆ ਹੈ ਕਿ ਉਹ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ ਤਾਂ ਸੈਕਟਰ 32 ਚੰਡੀਗੜ੍ਹ ਰੋਡ ਸਥਿਤ ਜੈਨ ਮੰਦਰ ਕੋਲ ਐਕਟਿਵਾ ਸਕੂਟਰ ’ਤੇ ਤਿੰਨ ਜਣੇ ਆਏ ਅਤੇ ਤਲਵਾਰ ਦਿਖਾ ਕੇ ਉਸ ਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਨੇ ਕੇਸ ਦਰਜ ਕਰ ਲਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All