ਨਗਰ ਕੌਂਸਲ ਦੀ ਮੀਟਿੰਗ ’ਚ ਭ੍ਰਿਸ਼ਟਾਚਾਰ ਤੇ ਆਵਾਰਾ ਕੁੱਤਿਆਂ ਦਾ ਮੁੱਦਾ ਗੂੰਜਿਆ
ਨਗਰ ਕੌਂਸਲ ਖੰਨਾ ਦੀ ਹਾਊਸ ਮੀਟਿੰਗ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਅਵਾਰਾ ਕੁੱਤਿਆਂ, ਭ੍ਰਿਸ਼ਟਾਚਾਰ ਅਤੇ ਐੱਨ ਓ ਸੀ ਦੇ ਨਾਂ ’ਤੇ ਪੈਸੇ ਠੱਗਣ ਦਾ ਮੁੱਦਾ ਗੂੰਜਿਆ। ਇਸ ਦੌਰਾਨ ਕੌਂਸਲਰ ਅਮਰੀਸ਼ ਕਾਲੀਆ ਨੇ ਲਾਈਨ ਤੋਂ ਪਾਰ ਇਲਾਕੇ ਵਿੱਚ ਕੈਬਨਿਟ ਮੰਤਰੀ ਦੇ ਨਾਂਅ ’ਤੇ ਨਵੀਆਂ ਕਲੋਨੀਆਂ ਅਤੇ ਕਮੇਟੀ ਦੇ ਕੰਮਾਂ ਲਈ ਇਕ ਵਿਅਕਤੀ ਵੱਲੋਂ ਪੈਸੇ ਮੰਗਣ ਦਾ ਮੁੱਦਾ ਚੁੱਕਿਆ। ਇਸ ਮਗਰੋਂ ਹਾਊਸ ਵਿੱਚ ਲਿਆਂਦੇ 18 ’ਚੋਂ 17 ਮਤਿਆਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਸੀਵਰੇਜ ਤੇ ਵਾਟਰ ਸਪਲਾਈ ਦੇ ਕੰਮਾਂ ਨੂੰ 2 ਸਾਲ ਲਈ ਠੇਕੇ ’ਤੇ ਦੇਣ ਦੇ ਕੰਮ ਨੂੰ ਰੱਦ ਕਰ ਦਿੱਤਾ ਗਿਆ। ਇਸ ਮੌਕੇ ਵਾਰਡ-19 ਦੀ ਕੌਂਸਲਰ ਰੂਬੀ ਭਾਟੀਆ ਸ਼ਹਿਰ ਵਿੱਚ ਕੁੱਤਿਆਂ ਦੇ ਕਹਿਰ ਬਾਰੇ ਜਾਗਰੂਕ ਕਰਨ ਲਈ ਮੀਟਿੰਗ ਵਿੱਚ ਬੈਨਰ ਲੈ ਕੇ ਪੁੱਜੀ। ਬੈਨਰਾਂ ’ਤੇ ‘ਸੁੱਤੀ ਨਗਰ ਕੌਂਸਲ ਜਾਗੋਂ, ਅਵਾਰਾ ਕੁੱਤਿਆਂ ਤੇ ਜਾਨਵਰਾਂ ਤੋਂ ਸ਼ਹਿਰ ਵਾਸੀਆਂ ਨੂੰ ਬਚਾਓ’ ਨਾਅਰਾ ਲਿਖਿਆ ਹੋਇਆ ਸੀ। ਕੌਂਸਲਰ ਹਰਦੀਪ ਸਿੰਘ ਨੀਨੂੰ ਨੇ ਸ਼ਹਿਰ ਵਿੱਚ ਬਗੈਰ ਇਜਾਜ਼ਤ ਤੋਂ ਏਅਰਟੈੱਲ ਕੰਪਨੀ ਵੱਲੋਂ ਗਲੀਆਂ ਪੁੱਟ ਕੇ ਤਾਰਾਂ ਪਾਉਣ ਦੇ ਕੰਮ ਨੂੰ ਰੋਕਣ ਦੀ ਮੰਗ ਕੀਤੀ। ਇਸ ’ਤੇ ਕੌਂਸਲ ਪ੍ਰਧਾਨ ਲੱਧੜ ਅਤੇ ਈ ਓ ਚਰਨਜੀਤ ਸਿੰਘ ਨੇ ਕਿਹਾ ਕਿ ਕਿਸੇ ਕੌਂਸਲਰ ਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਕੌਣ ਗਲੀਆਂ ਪੁੱਟ ਕੇ ਆਪਣਾ ਕੰਮ ਕਰਨ ਲੱਗ ਜਾਂਦਾ ਹੈ। ਹਾਊਸ ਦੀ ਸਹਿਮਤੀ ਤੋਂ ਬਗੈਰ ਕਿਸੇ ਨੂੰ ਕੰਮ ਕਰਨ ਨਾ ਦਿੱਤਾ ਜਾਵੇ ਅਤੇ ਬਿਨਾਂ ਪ੍ਰਵਾਨਗੀ ਤੋਂ ਚੱਲ ਰਹੇ ਕੰਮ ਬੰਦ ਕਰਵਾਏ ਜਾਣ। ਉਨ੍ਹਾਂ ਮਤਾ ਨੰਬਰ-9 ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸੀਵਰੇਜ ਤੇ ਵਾਟਰ ਸਪਲਾਈ ਦਾ ਕੰਮ 2 ਸਾਲ ਲਈ ਠੇਕੇ ’ਤੇ ਦਿੱਤਾ ਗਿਆ ਤਾਂ ਮੁਲਾਜ਼ਮਾਂ ਦਾ ਭਵਿੱਖ ਤਬਾਹ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮਤੇ ’ਤੇ ਕੌਂਸਲ ਪ੍ਰਧਾਨ ਵੱਲੋਂ ਪਹਿਲਾਂ ਹੀ ਇਤਰਾਜ਼ ਲਾਇਆ ਗਿਆ ਸੀ ਕਿਉਂਕਿ ਸਾਲ-2026 ਦੇ ਸ਼ੁਰੂਆਤ ਵਿੱਚ ਕਮੇਟੀ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਹੈ ਜਿਸ ਕਰਕੇ ਇਸ ਮਤੇ ਨੂੰ ਪੈਂਡਿੰਗ ਰੱਖਿਆ ਜਾਵੇ। ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਈ ਓ ਨੂੰ ਸ਼ਿਕਾਇਤ ਦਿੰਦਿਆਂ ਕੂੜੇ ਦੇ ਰੈਮੀਡੇਸ਼ਨ ਦੇ ਠੇਕੇ ਦੇ ਪੈਸੇ ਰੋਕਣ ਦੀ ਮੰਗ ਕੀਤੀ ਕਿਉਂਕਿ ਕੂੜੇ ਦੇ ਡੰਪ ਦੀ ਮੁਕੰਮਲ ਸਫਾਈ ਨਹੀਂ ਕਰਵਾਈ ਜਾ ਰਹੀ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਲੋਕਾ ਨੂੰ ਜਾਅਲੀ ਐੱਨ ਓ ਸੀ’ਜ਼ ਦੇ ਕੇ ਲੁੱਟਿਆ ਜਾ ਰਿਹਾ ਹੈ। ਫੀਸਾਂ ਕਮੇਟੀ ਵਿੱਚ ਨਹੀਂ ਭਰੀਆ ਜਾਂਦੀਆਂ ਅਤੇ ਆਫਲਾਈਨ ਐੱਨਓਸੀਜ਼ ਦਿੱਤੀਆਂ ਜਾ ਰਹੀਆਂ ਹਨ। ਕੌਂਸਲਰ ਜਤਿੰਦਰ ਪਾਠਕ ਨੇ ਸਵਾਲ ਕੀਤਾ ਕਿ ਨਗਰ ਕੌਂਸਲ ਵੱਲੋਂ ਮਾਰਕੀਟ ਕਮੇਟੀ ਦੇ ਇਲਾਕੇ ਵਿੱਚ ਕੋਈ ਕੰਮ ਨਹੀਂ ਕੀਤਾ ਜਾਂਦਾ ਤਾਂ ਲੋਕਾਂ ਤੋਂ ਪ੍ਰਾਪਰਟੀ ਟੈਕਸ ਨਹੀਂ ਮੰਗਿਆ ਜਾ ਰਿਹਾ। ਕੌਂਸਲਰ ਗੁਰਮੀਤ ਸਿੰਘ ਨਾਗਪਾਲ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਵਾਰਡ ਵਿੱਚ ਸਬਜ਼ੀ ਮੰਡੀ ਦਾ ਸ਼ੈੱਡ ਬਣਿਆ ਹੋਇਆ ਜਿੱਥੇ ਬਹੁਤ ਜ਼ਿਆਦਾ ਗੰਦਗੀ ਹੈ ਤੇ ਉਸ ਜਲਦ ਸਾਫ਼ ਕਰਵਾਇਆ ਜਾਵੇ। ਕੌਂਸਲਰ ਸੁਖਮਨਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਦਾ ਕੰਮ ਚੱਲ ਰਿਹਾ ਹੈ ਜਿਨ੍ਹਾਂ ’ਤੇ ਕੌਂਸਲ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦਾ ਜਵਾਬ ਦਿੱਤੇ ਬਗੈਰ ਹੀ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਚਲੇ ਗਏ।
