ਸੀਲ ਤੋੜ ਕੇ ਮਕਾਨ ਮੁੜ ਕਿਸਾਨ ਨੂੰ ਸੌਂਪਿਆ
ਪਿੰਡ ਟੂਸਾ ’ਚ ਤਣਾਅ ਦਾ ਮਾਹੌਲ; ਜਥੇਬੰਦੀ ਵੱਲੋਂ ਕਿਸਾਨ ਨੂੰ ਬੇਘਰ ਨਾ ਹੋਣ ਦੇਣ ਦਾ ਦਾਅਵਾ
ਲੁਧਿਆਣਾ (ਦਿਹਾਤੀ) ਪੁਲੀਸ ਜ਼ਿਲ੍ਹੇ ਦੇ ਪਿੰਡ ਟੂਸਾ ਵਿੱਚ ਕਰਜ਼ੇ ਦੀ ਵਸੂਲੀ ਲਈ ਚੱਲ ਰਿਹਾ ਵਿਵਾਦ ਹੁਣ ਕਿਸਾਨ ਜਥੇਬੰਦੀ ਅਤੇ ਪ੍ਰਸ਼ਾਸਨ ਵਿਚਾਲੇ ਟਕਰਾਅ ਦੀ ਸਥਿਤੀ ਤੱਕ ਪਹੁੰਚ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਸੈਂਕੜੇ ਕਾਰਕੁਨਾਂ ਨੇ ਅੱਜ ਕਿਸਾਨ ਪਿਆਰਾ ਸਿੰਘ ਦੇ ਮਕਾਨ ’ਤੇ ਲੱਗੀ ਸੀਲ ਤੋੜ ਕੇ ਕਿਸਾਨ ਪਰਿਵਾਰ ਨੂੰ ਮੁੜ ਘਰ ਸੌਂਪ ਦਿੱਤਾ ਹੈ।
ਕਾਬਲੇ-ਗ਼ੌਰ ਹੈ ਕਿ ਮੰਗਲਵਾਰ ਤੜਕਸਾਰ ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ਵਿੱਚ ਫਾਈਨਾਂਸ ਕੰਪਨੀ ਨੇ ਅਦਾਲਤੀ ਹੁਕਮਾਂ ਤਹਿਤ ਪਿਆਰਾ ਸਿੰਘ ਦਾ ਮਕਾਨ ਖ਼ਾਲੀ ਕਰਵਾਇਆ ਸੀ। ਇਸ ਤੋਂ ਬਾਅਦ ਮਕਾਨ ਨੂੰ ਸੀਲ ਲਗਾ ਕੇ ਬੰਦ ਕਰਨ ਉਪਰੰਤ ਪਰਿਵਾਰ ਨੂੰ ਬੇਦਖ਼ਲ ਕਰ ਦਿੱਤਾ ਗਿਆ ਸੀ।
ਇਸ ਕਾਰਵਾਈ ਦੇ ਤਿੰਨ ਦਿਨ ਬਾਅਦ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਮਾਮਲੇ ਵਿੱਚ ਦਖ਼ਲ ਦਿੰਦਿਆਂ ਮਕਾਨ ਦਾ ਕਬਜ਼ਾ ਪਰਿਵਾਰ ਨੂੰ ਵਾਪਸ ਸੌਂਪ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਅਤੇ ਬਲਾਕ ਪ੍ਰਧਾਨ ਅਮਰੀਕ ਸਿੰਘ ਹਲਵਾਰਾ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਕਰਜ਼ਈ ਕਿਸਾਨ ਪਿਆਰਾ ਸਿੰਘ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਮਕਾਨ ਦੇ ਆਸਪਾਸ ਇਕੱਠ ਕਰ ਕੇ ਧਰਨਾ ਲਗਾ ਦਿੱਤਾ। ਆਗੂਆਂ ਨੇ ਕਿਹਾ ਕਿ ਪਿਆਰਾ ਸਿੰਘ ਦੇ ਪਰਿਵਾਰ ਨੂੰ ਬੇਘਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਜ਼ਮੀਨ ’ਤੇ ਕਰਜ਼ਾ ਲਿਆ ਗਿਆ ਸੀ, ਮਾਲ ਰਿਕਾਰਡ ਵਿੱਚ ਉਸ ਦਾ ਨੰਬਰ ਵੱਖਰਾ ਹੈ ਅਤੇ ਉੱਥੇ ਪਸ਼ੂਆਂ ਦਾ ਤਬੇਲਾ ਬਣਿਆ ਹੋਇਆ ਹੈ। ਉਨ੍ਹਾਂ ਮੁਤਾਬਕ ਜਿਸ ਕੋਠੀ ’ਤੇ ਕਾਰਵਾਈ ਕੀਤੀ ਗਈ, ਉਹ ਪੁਸ਼ਤੈਨੀ ਜ਼ਮੀਨ ’ਤੇ ਬਣੀ ਹੋਈ ਹੈ ਅਤੇ ਸਾਂਝੇ ਖਾਤੇ ਦੀ ਜ਼ਮੀਨ ਹੈ।
ਕਿਸਾਨ ਜਥੇਬੰਦੀ ਨੇ ਦੋਸ਼ ਲਾਇਆ ਕਿ ਫਾਇਨਾਂਸ ਕੰਪਨੀ ਵੱਲੋਂ ਅਦਾਲਤ ਅਤੇ ਪੁਲੀਸ ਪ੍ਰਸ਼ਾਸਨ ਸਾਹਮਣੇ ਮਾਲ ਰਿਕਾਰਡ ਦੀ ਸਹੀ ਸਥਿਤੀ ਪੇਸ਼ ਨਹੀਂ ਕੀਤੀ ਗਈ, ਜਿਸ ਕਾਰਨ ਕੋਠੀ ’ਤੇ ਕਾਰਵਾਈ ਹੋਈ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਅਤੇ ਫਾਇਨਾਂਸ ਕੰਪਨੀ ਜਾਂ ਪ੍ਰਸ਼ਾਸਨ ਦਾ ਕੋਈ ਪ੍ਰਤੀਕਰਮ ਹਾਲੇ ਤੱਕ ਸਾਹਮਣੇ ਨਹੀਂ ਆਇਆ।
ਇਸ ਦੌਰਾਨ ਕਿਸਾਨ ਕਾਰਕੁਨਾਂ ਨੇ ਮਕਾਨ ਦੇ ਬਾਹਰ ਬੰਨ੍ਹੇ ਪਸ਼ੂਆਂ ਲਈ ਚਾਰੇ ਅਤੇ ਪਾਣੀ ਦਾ ਵੀ ਪ੍ਰਬੰਧ ਕੀਤਾ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਉਹ ਪਰਿਵਾਰ ਨੂੰ ਬੇਘਰ ਕਰਨ ਵਾਲੀ ਕਿਸੇ ਵੀ ਕਾਰਵਾਈ ਦਾ ਵਿਰੋਧ ਕਰਨਗੇ ਅਤੇ ਇਸ ਮਾਮਲੇ ਵਿੱਚ ਜਥੇਬੰਦੀ ਸੰਘਰਸ਼ ਤੋਂ ਪੈਰ ਪਿੱਛੇ ਨਹੀਂ ਕਰੇਗੀ।

