ਪੱਤਰ ਪ੍ਰੇਰਕ
ਰਾਏਕੋਟ, 24 ਜੁਲਾਈ
ਸ਼ਹਿਰ ’ਚ ਆਵਾਰਾ ਢੱਠਿਆ ਦੀ ਭਰਮਾਰ ਹੋ ਗਈ ਹੈ ਤੇ ਇਹ ਗਲੀਆਂ ਬਾਜ਼ਾਰਾਂ ’ਚ ਆਮ ਤੁਰੇ ਫਿਰਦੇ ਹਨ। ਬੀਤੀ ਰਾਤ ਸਥਾਨਕ ਟੈਲੀਫੋਨ ਐਕਸਚੇਂਜ ਨੇੜੇ ਸਥਿਤ ਲੇਬਰ ਚੌਕ ਵਿੱਚ ਸਥਿਤ ਬਾਬਾ ਸਪੀਲ ਬਾਦਸ਼ਾਹ ਦੀ ਪਵਿੱਤਰ ਦਰਗਾਹ ਦਾ ਦੋ ਭੂਤਰੇ ਸਾਨ੍ਹਾਂ ਵਲੋਂ ਕਾਫੀ ਨੁਕਸਾਨ ਕੀਤਾ ਗਿਆ। ਦਰਗਾਹ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ, ਦਵਿੰਦਰ ਸਿੰਘ ਬਿੰਦਰੀ, ਮੀਤ ਪ੍ਰਧਾਨ ਗੁਰਬਖਸ਼ ਸਿੰਘ ਕਾਕਾ ਨੇ ਦੱਸਿਆ ਕਿ ਬੀਤੀ ਰਾਤ ਦੋ ਆਵਾਰਾ ਢੱਠੇ ਆਪਸ ਵਿੱਚ ਭਿੜ ਗਏ, ਜੋ ਕਾਫੀ ਦੇਰ ਰਾਤ ਤੱਕ ਲੜਦੇ ਰਹੇ। ਸਾਨ੍ਹਾਂ ਦੀ ਲੜਾਈ ਵਿੱਚ ਦਰਗਾਹ ਦੇ ਬਾਹਰ ਲੱਗੀ ਰੇਲਿੰਗ ਅਤੇ ਵਾਟਰ ਕੂਲਰ ਨੂੰ ਨੁਕਸਾਨ ਪਹੁੰਚਿਆ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਰਾਤ ਦਾ ਸਮਾਂ ਹੋਣ ਕਰਕੇ ਇਲਾਕੇ ਵਿੱਚ ਜ਼ਿਆਦਾ ਲੋਕ ਨਹੀ ਸਨ, ਜੇਕਰ ਦਿਨ ਸਮੇਂ ਇਹ ਘਟਨਾਂ ਹੋਈ ਹੁੰਦੀ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਕਮੇਟੀ ਮੈਂਬਰਾਂ ਨੇ ਨਗਰ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਫਿਰਦੇ ਆਵਾਰਾ ਪਸ਼ੂਆਂ ਨੂੰ ਨਕੇਲ ਪਾਈ ਜਾਵੇ ਅਤੇ ਕਾਬੂ ਕਰਕੇ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਬਸੰਤ ਸਿੰਘ, ਸਕੱਤਰ ਗੁਰਮੇਲ ਸਿੰਘ, ਅਵਤਾਰ ਸਿੰਗ, ਲੈਕ ਸਿੰਘ, ਲਖਵਿੰਦਰ ਸਿੰਘ ਲਾਡੀ, ਹਰਪ੍ਰੀਤ ਸਿੰਘ, ਤੇਜਵੀਰ ਸਿੰਘ ਆਦਿ ਮੈਂਬਰ ਵੀ ਹਾਜ਼ਰ ਸਨ।