
ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਤਿਆਰ ਕੀਤਾ ਗਿਆ ਡੇਂਗੂ ਵਾਰਡ।
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਨਵੰਬਰ
ਸਨਅਤੀ ਸ਼ਹਿਰ ’ਚ ਡੇਂਗੂ ਦਾ ਕਹਿਰ ਜਾਰੀ ਹੈ, ਹੁਣ ਤੱਕ ਡੇਂਗੂ ਦੇ 1703 ਮਰੀਜ਼ ਮਿਲ ਚੁੱਕੇ ਹਨ। ਨਵੰਬਰ ਦੇ 28 ਦਿਨਾਂ ਦੌਰਾਨ ਜ਼ਿਲ੍ਹੇ ’ਚ 949 ਮਰੀਜ਼ ਮਿਲ ਚੁੱਕੇ ਹਨ ਜਿਨ੍ਹਾਂ ’ਚੋਂ 599 ਮਰੀਜ਼ ਲੁਧਿਆਣਾ, ਜਦੋਂ ਕਿ 350 ਮਰੀਜ਼ ਹੋਰਨਾਂ ਜ਼ਿਲਿਆਂ ਤੇ ਸੂਬਿਆਂ ਨਾਲ ਸਬੰਧਤ ਹਨ। ਸ਼ੱਕੀ ਮਰੀਜ਼ਾਂ ’ਚੋਂ 60 ਫੀਸਦੀ ’ਚ ਡੇਂਗੂ ਦੀ ਪੁਸ਼ਟੀ ਹੋ ਰਹੀ ਹੈ। ਨਵੰਬਰ ’ਚ ਲੁਧਿਆਣਾ ਦੇ 1001 ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ’ਚੋਂ 60 ਫੀਸਦੀ ਡੇਂਗੂ ਪਾਜ਼ੇਟਿਵ ਮਿਲੇ ਸਨ। ਆਮ ਤੌਰ ’ਤੇ ਦੀਵਾਲੀ ਤੋਂ ਬਾਅਦ ਤਾਪਮਾਨ ’ਚ ਗਿਰਾਵਟ ਆਉਣ ਨਾਲ ਡੇਂਗੂ ਦੇ ਕੇਸ ਵੀ ਘਟਣੇ ਸ਼ੁਰੂ ਹੋ ਜਾਂਦੇ ਹਨ ਪਰ ਦੀਵਾਲੀ ਦੇ ਇੱਕ ਮਹੀਨੇ ਬਾਅਦ ਵੀ ਤਾਪਮਾਨ ’ਚ ਓਨੀ ਗਿਰਾਵਟ ਨਾ ਆਉਣ ਕਾਰਨ ਡੇਂਗੂ ਦਾ ਕਹਿਰ ਰੁਕ ਨਹੀਂ ਰਿਹਾ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 1703 ਮਰੀਜ਼ ਮਿਲ ਚੁੱਕੇ ਹਨ ਜਿਨ੍ਹਾਂ ’ਚ 984 ਮਰੀਜ਼ ਲੁਧਿਆਣਾ ਜ਼ਿਲ੍ਹੇ ਤੇ 719 ਹੋਰਨਾਂ ਜ਼ਿਲਿਆਂ ਨਾਲ ਸਬੰਧਤ ਹਨ। ਜਦੋਂ ਕਿ 3244 ਸ਼ੱਕੀ ਮਰੀਜ਼ ਸਾਹਮਣੇ ਆਏ ਹਨ।
ਜ਼ਿਲ੍ਹੇ ’ਚ ਅੱਜ ਡੇਂਗੂ ਦੇ 18 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ’ਚੋਂ 11 ਮਰੀਜ਼ ਲੁਧਿਆਣਾ ਤੇ 8 ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਨਵੇਂ ਮਰੀਜ਼ਾਂ ’ਚ 10 ਮਰੀਜ਼ ਸ਼ਹਿਰ ਨਾਲ ਸਬੰਧਤ ਹਨ ਤੇ ਇਕ ਪੇਂਡੂ ਇਲਾਕੇ ’ਚੋਂ ਹੈ। ਇਥੇ 467 ਮਰੀਜ਼ ਹੁਣ ਤੱਕ ਸਿਹਤਮੰਦ ਹੋਏ ਹਨ। 24 ਮਰੀਜ਼ ਪ੍ਰਾਈਵੇਟ ਹਸਪਤਾਲ ’ਚ ਦਾਖਲ ਹਨ। ਨਵੰਬਰ ’ਚ ਲੁਧਿਆਣਾ ਸ਼ਹਿਰੀ ਦੇ 418 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਹੋਈ ਹੈ। ਉਧਰ, ਸਿਹਤ ਵਿਭਾਗ ਵੱਲੋਂ ਨਵੰਬਰ ’ਚ 19513 ਘਰਾਂ, 28147 ਕੰਟੇਨਰਾਂ ਦੀ ਜਾਂਚ ਕੀਤੀ ਗਈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ