ਖੇਤੀ ਕਾਨੂੰਨਾਂ ਦਾ ਵਿਰੋਧ

ਪਹਿਲੀ ਨੂੰ ਰੇਲਾਂ ਰੋਕਣਗੀਆਂ 13 ਕਿਸਾਨ ਜਥੇਬੰਦੀਆਂ

ਲੁਧਿਆਣਾ ਦੀ ਮੀਟਿੰਗ ’ਚ ਲਿਆ ਫ਼ੈਸਲਾ; ਅੱਜ 31 ਯੂਨੀਅਨਾਂ ਦੀ ਚੰਡੀਗੜ੍ਹ ਕਿਸਾਨ ਭਵਨ ’ਚ ਹੋਵੇਗੀ ਮੀਟਿੰਗ

ਪਹਿਲੀ ਨੂੰ ਰੇਲਾਂ ਰੋਕਣਗੀਆਂ 13 ਕਿਸਾਨ ਜਥੇਬੰਦੀਆਂ

ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਸਾਹਿਬ ’ਚ ਮੀਟਿੰਗ ਕਰਦੇ ਹੋਏ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ। -ਫੋਟੋ: ਹਿਮਾਸ਼ੂੂ

ਗਗਨਦੀਪ ਅਰੋੜਾ
ਲੁਧਿਆਣਾ, 28 ਸਤੰਬਰ

ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਸਬੰਧੀ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ’ਚ 13 ਕਿਸਾਨ ਜੱਥੇਬੰਦੀਆਂ ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ’ਚ ਇੱਕਜੁੱਟ ਹੋ ਕੇ ਫ਼ੈਸਲਾ ਲਿਆ ਗਿਆ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇੱਕ ਅਕਤੂਬਰ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਹੋਵੇਗਾ। ਇਸ ਲਈ ਹਰ ਜ਼ਿਲ੍ਹਾ ਪੱਧਰ ’ਤੇ ਕਿਸਾਨ ਯੂਨੀਅਨ ਆਗੂ ਤੇ ਆਮ ਕਿਸਾਨ ਰੇਲਵੇ ਲਾਈਨਾਂ ’ਤੇ ਰੇਲ ਆਵਾਜਾਈ ਨੂੰ ਠੱਪ ਕਰਨਗੇ। ਨਾਲ ਹੀ ਉਹ ਮੰਗਲਵਾਰ ਦੀ ਸਵੇਰੇ ਚੰਡੀਗੜ੍ਹ ਦੇ ਕਿਸਾਨ ਭਵਨ ’ਚ ਇੱਕ ਵਾਰ ਫਿਰ ਤੋਂ ਸੂਬੇ ਦੀਆਂ 31 ਕਿਸਾਨ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਹੋਵੇਗੀ। ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕੀਤੀ ਜਾਵੇਗੀ। ਯੂਨੀਅਨ ਆਗੂ ਦੇਖਣਗੇ ਕਿ ਆਖਰਕਾਰ ਸਰਕਾਰ ਇਸ ਕਾਨੂੰਨ ਦੇ ਖ਼ਿਲਾਫ਼ ਕੀ ਕਰਨਾ ਚਾਹੁੰਦੀ ਹੈ, ਜਦੋਂ ਕਿ ਕਿਸਾਨ ਯੂਨੀਅਨ ਇਕੱਜੁਟ ਹੋ ਕੇ ਸਰਕਾਰ ਨੂੰ ਸਾਫ਼ ਆਖ ਚੁੱਕੀ ਹੈ ਕਿ ਪੰਜਾਬ ਸਰਕਾਰ ਵਿਧਾਨ ਸਭਾ ’ਚ ਇਸ ਕਾਨੂੰਨ ਖ਼ਿਲਾਫ਼ ਇੱਕ ਮਤਾ ਲਿਆ ਕੇ ਇਸ ਨੂੰ ਲਾਗੂ ਨਾ ਕਰਨ ਦੀ ਗੱਲ ਕਰੇ।

ਇਸ ਮੀਟਿੰਗ ’ਚ ਵੱਖ-ਵੱਖ ਕਿਸਾਨ ਆਗੂਆਂ ਨੇ ਆਪਣੀ ਰਾਏ ਦਿੱਤੀ ਕਿ ਵੱਖ-ਵੱਖ ਰਾਜਸੀ ਪਾਰਟੀਆਂ ਉਨ੍ਹਾਂ ਦੇ ਨਾਲ ਆ ਰਹੀਆਂ ਹਨ ਪਰ ਉਨ੍ਹਾਂ ਨੂੰ ਸਾਰੀਆਂ ਰਾਜਸੀ ਪਾਰਟੀਆਂ ’ਤੇ ਬਾਜ਼ ਅੱਖ ਰੱਖਣ ਦੀ ਲੋੜ ਹੈ ਕਿਉਂਕਿ ਇਸ ਵੇਲੇ ਹਰ ਰਾਜਸੀ ਪਾਰਟੀ ਕਿਸਾਨਾਂ ਦੇ ਰੋਸ ਨੂੰ ਕਿਸੇ ਤਰ੍ਹਾਂ ਆਪਣੇ ਵੋਟ ਬੈਂਕ ’ਚ ਤਬਦੀਲ ਕਰਨ ’ਚ ਲੱਗੀਆਂ ਹੋਈਆਂ ਹਨ ਤਾਂ ਕਿ ਆਉਣ ਵਾਲੀਆਂ ਚੋਣਾਂ ’ਚ ਇਸ ਦਾ ਫਾਇਦਾ ਮਿਲ ਸਕੇ। ਕਿਸਾਨ ਆਗੂਆਂ ਨੇ ਸਪੱਸ਼ਟ ਕਿਹਾ ਕਿ ਇਸ ਮਾਮਲੇ ’ਚ ਭਾਜਪਾ ਦਾ ਉਹ ਪੂਰਾ ਵਿਰੋਧ ਕਰਨਗੇ। ਉਨ੍ਹਾਂ ਨੂੰ ਕਿਸੇ ਹਾਲਾਤ ’ਚ ਪਿੰਡਾਂ ’ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ, ਜਿਹੜਾ ਕਿਸਾਨਾਂ ਨਾਲ ਖੜ੍ਹੇਗਾ, ਉਹੀ ਪਿੰਡਾਂ ’ਚ ਆ ਸਕੇਗਾ।

ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਸਬੰਧੀ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਪਹਿਲਾਂ ਖੇਤੀ ਬਿੱਲ ਨੂੰ ਕਿਸਾਨ ਹਿਤੈਸ਼ੀ ਆਖ ਰਹੇ ਸਨ, ਜਦੋਂ ਕਿ ਉਹ ਹੁਣ ਉਸ ਦਾ ਵਿਰੋਧ ਕਰ ਰਹੇ ਹਨ। ਇਹ ਸਭ ਵੋਟਾਂ ਦੀ ਰਾਜਨੀਤੀ ਹੈ। ਇਸ ਲਈ ਸਾਰੀਆਂ ਕਿਸਾਨ ਜੱਥੇਬੰਦੀਆਂ ’ਤੇ ਉਨ੍ਹਾਂ ਦੀ ਬਾਜ਼ ਅੱਖ ਹੈ। ਇਸ ਵਾਰ ਉਹ ਧੋਖਾ ਨਹੀਂ ਖਾਣਾ ਚਾਹੁੰਦੇ। ਇਸ ਮੌਕੇ ਹਰਵਿੰਦਰ ਸਿੰਘ ਲੱਖੋਵਾਲ, ਸਤਨਾਮ ਸਿੰਘ, ਬੂਟਾ ਸਿੰਘ ਸ਼ਾਦੀਪੁਰ, ਹਰਮੀਤ ਸਿੰਘ ਕਾਦੀਆ, ਸਤਨਾਮ ਸਿੰਘ ਸਾਹਨੀ ਮੌਜੂਦ ਸਨ।

ਸਾਂਝੇ ਮੰਚ ’ਤੇ ਇਕੱਠੇ ਹੋਣ ਦਾ ਸੱਦਾ

ਰਾਏਕੋਟ (ਰਾਮ ਗੋਪਾਲ ਰਾਏਕੋਟੀ): ਕਿਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਪਿੰਡਾਂ ’ਚ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸੇ ਕੜੀ ਤਹਿਤ ਪਿੰਡ ਬਿੰਜਲ ਅਤੇ ਲੱਖਾ ’ਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸਰਪ੍ਰਸਤ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ, ਉਹਨਾਂ ਨੂੰ ਵੱਖਰਾਪਣ ਤਿਆਗ ਕੇ ਇਕ ਪਲੇਟਫਾਰਮ ’ਤੇ ਇਕੱਠੇ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿਖੇ 29 ਸਤੰਬਰ ਨੂੰ ਦੇਸ਼ ਭਗਤ ਯਾਦਗਾਰੀ ਹਾਲ ਵਿੱਚ ਹੋ ਰਹੀ ਕਨਵੈਨਸ਼ਨ ਦਾ ਵੀ ਇਹੋ ਏਜੰਡਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਬਾਹ ਕਰਨ ਵਾਲੇ ਜੇ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਮੋਦੀ-ਸ਼ਾਹ ਜੋੜੀ ਤਾਂ ਜ਼ਿੰਮੇਵਾਰ ਹੈ ਹੀ, ਜੇਕਰ ਇਕ ਪਲੇਟਫਾਰਮ ਨਹੀਂ ਬਣਦਾ ਤਾਂ ਲੀਡਰਸ਼ਿਪ ਵੀ ਬਰੀ ਨਹੀਂ ਹੋ ਸਕਦੀ। ਇਸ ਮੌਕੇ ਹਰਨੇਕ ਸਿੰਘ ਅੱਚਰਵਾਲ, ਬਲਦੇਵ ਸਿੰਘ ਅੱਚਰਵਾਲ, ਬਲਦੇਵ ਸਿੰਘ ਮਾਣੂੰਕੇ ਤੇ ਦੇਵ ਸਿੰਘ ਮਾਣੂੰਕੇ ਹਾਜ਼ਰ ਸਨ।

ਲੋਕ ਮਨਾਂ ’ਚ ‘ਰਿਲਾਇੰਸ’ ਖ਼ਿਲਾਫ਼ ਰੋਹ ਭਖਿਆ

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਖੇਤੀ ਕਾਨੂੰਨ, ਬਿਜਲੀ ਐਕਟ 2020 ਸਬੰਧੀ ਕੇਂਦਰ ਸਰਕਾਰ ਖਾਸਕਰ ਮੋਦੀ ਨਾਲ ਗੁਸਾਏ ਪੰਜਾਬ ਦੇ ਲੋਕਾਂ ਨੇ ਆਪਣਾ ਗੁੱਸਾ ਮੋਦੀ ਦੇ ਦੋਸਤ ਗਰੁੱਪ ‘ਰਿਲਾਇੰਸ’ ਨਾਲ ਆਢਾ ਲੈਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨ ਪੈਟਰੌਲ ਪੰਪਾਂ ਦਾ ਘਿਰਾਓ ਕਰਨ ਅਤੇ ਇਨ੍ਹਾਂ ਤੋਂ ਤੇਲ ਨਾ ਪਵਾਉਣ ਦੀ ਤੇ ਹੁਣ ਮੋਬਾਈਲ ਨੈੱਟ ਨਾਂ ਵਰਤਣ ਦੀ ਵੀ ਸ਼ੁਰੂਆਤ ਕਰਨ ਦੀਆਂ ਪੁਖਤਾ ਖ਼ਬਰਾਂ ਹਨ। ਮੁਹਿੰਮ ਤਾਰਪੀਡੋ ਹੋਣ ਦੇ ਡਰੋਂ ਇਸ ਪ੍ਰੋਗਰਾਮ ਨੂੰ ਲੋਕਾਂ ਤੱਕ ਪਹੁੰਚਾਉਣ ਲੱਗੇ ਨੌਜਵਾਨਾਂ ਨੇ ਆਪਣਾ ਨਾਮ ਨਾਂ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜੇਕਰ ਕਾਰਪੋਰੇਟ ਘਰਾਣਿਆਂ ਨੂੰ ਮੋਦੀ ਬੜਾਵਾ ਦੇਣ ਲਈ ਲੋਕਤੰਤਰ ਦੀ ਬਲੀ ਦੇ ਸਕਦਾ ਹੈ ਤਾਂ ਅਸੀਂ ਅਜਿਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦੀਆਂ ਵਸਤਾਂ ਵਰਤਣ, ਖਰੀਦਣ ਤੋਂ ਹੱਥ ਖਿੱਚਣ ਲਈ ਤਿਆਰ ਕਰਾਂਗੇ। ਵੱਡੇ ਵਿਸ਼ਵਾਸ ਨਾਲ ਉਨ੍ਹਾਂ ਆਖਿਆ ਕਿ ਭਾਵੇਂ ਮੁੱਢ ਵਿੱਚ ਇਸ ਮੁਹਿੰਮ ਨਾਲ ਵੱਡਿਆਂ ਘਰਾਂ ਨੂੰ ਬਹੁਤਾ ਫਰਕ ਨਾ ਪਵੇ ਪਰ ਹੌਲੀ-ਹੌਲੀ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।

ਕਿਸਾਨ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ

ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਫੂਕਦੇ ਹੋਏ ਜਥੇਬੰਦੀਆਂ ਦੇ ਕਾਰਕੁਨ।

ਲੁਧਿਆਣਾ (ਗੁਰਿੰਦਰ ਸਿੰਘ): ਯੂਨਾਈਟਿਡ ਯੂਥ ਫੈਡਰੇਸ਼ਨ ਅਗਵਾਈ ਵਿੱਚ ਵੱਖ ਵੱਖ ਸਮਾਜਿਕ, ਧਾਰਮਿਕ, ਵਪਾਰਕ ਅਤੇ ਦੁਕਾਨਦਾਰਾਂ ਨਾਲ ਸਬੰਧਤ 14 ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਮਾਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਨੇੜੇ ਬਸੰਤ ਪਾਰਕ ਵਿੱਖੇ ਫੈਡਰੇਸ਼ਨ ਦੇ ਪ੍ਰਧਾਨ ਸੋਹਣ ਸਿੰਘ ਗੋਗਾ ਦੀ ਅਗਵਾਈ ਹੇਠ ਕੀਤੇ ਮੁਜ਼ਾਹਰੇ ਦੌਰਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਫੌਰਨ ਵਾਪਿਸ ਲੈਕੇ ਦੇਸ਼ ਦੇ ਅੰਨਦਾਤਾ ਨੂੰ ਤਬਾਹ ਹੋਣ ਤੋਂ ਬਚਾਇਆ ਜਾਵੇ।ਇਸ ਮੌਕੇ ਯੂਨਾਈਟਿਡ ਯੂਥ ਫੈਡਰੇਸ਼ਨ, ਭਾਈ ਦਯਾ ਸਿੰਘ ਜੀ ਸੰਤ ਸੇਵਕ ਜੱਥਾ, ਰਾਮਗੜ੍ਹੀਆ ਅਕਾਲ ਜੱਥੇਬੰਦੀ, ਸਰਬ ਧਰਮ ਵੈੱਲਫੇਅਰ ਸੁਸਾਇਟੀ, ਸੈਵਨ ਸਟਾਰ ਯੂਥ ਕਲੱਬ, ਰਾਮਗੜ੍ਹੀਆ ਆਵਾਜ਼ ਜੱਥੇਬੰਦੀ, ਭਗਵਾਨ ਸ੍ਰੀ ਪਰਸੂਰਾਮ ਸੁਸਾਇਟੀ, ਰਾਮਗੜ੍ਹੀਆ ਆਕਾਲ ਜੱਥੇਬੰਦੀ ਪੰਜਾਬ, ਯੁਵਕ ਸੇਵਾਵਾਂ ਕਲੱਬ ਜੰਤਾ ਨਗਰ, ਬਾਬਾ ਦੀਪ ਸਿੰਘ ਜੀ ਦਯਾਵਾਨ ਸੁਸਾਇਟੀ, ਨਾਰੀ ਏਕਤਾ ਆਸਰਾ ਸੰਸਥਾ, ਆਰਆਰ ਭਾਰਦਵਾਜ ਵੈਲਫੇਅਰ ਸੁਸਾਇਟੀ, ਖਾਲਸਾ ਵੈਲਫੇਅਰ ਸੁਸਾਇਟੀ, ਕ੍ਰਾਂਤੀਕਾਰੀ ਦਲ ਆਜ਼ਾਦ ਅਤੇ ਨੌਜਵਾਨ ਯੂਥ ਕਲੱਬ ਦੇ ਵਰਕਰਾਂ ਨੇ ਨਾਅਰੇ ਲਿਖੀਆਂ ਤਖਤੀਆਂ ਪਕੜੀਆਂ ਹੋਈਆਂ ਸਨ ਅਤੇ ਸਰਕਾਰੀ ਕਾਰਵਾਈ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All