ਪੀ ਏ ਯੂ. ਵਿਚ ਜਾਰੀ ਯੁਵਕ ਮੇਲੇ ਵਿਚ ਅੱਜ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਫੁਲਕਾਰੀ ਦੀ ਕਢਾਈ, ਗੁੱਡੀਆਂ ਪਟੋਲੇ ਬਣਾਉਣ, ਪੱਖੀ ਬੁਣਨ, ਦਸੂਤੀ ਦੀ ਕਢਾਈ ਅਤੇ ਸਿਰਜਣਾਤਮਕ ਲੇਖਣੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੀ ਏ ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਜੀ ਐੱਨ ਈ ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਮੌਜੂਦ ਸਨ। ਡਾ. ਗੋਸਲ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਫੁਲਕਾਰੀ ਦੀ ਕਢਾਈ ਅਤੇ ਦਰੀਆਂ ਬੁਣਨ ਵਰਗੀਆਂ ਅਲੋਪ ਹੋ ਰਹੀਆਂ ਕਲਾਵਾਂ ਨੂੰ ਸੰਭਾਲਣ ਵਿੱਚ ਯੁਵਕ ਮੇਲਿਆਂ ਨੇ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਦੇ ਮੁਕਾਬਲਿਆਂ ਨਾਲ ਯੁਵਕ ਮੇਲੇ ਦੀਆਂ ਸਾਹਿਤਕ ਅਤੇ ਕਲਾਤਮਕ ਵੰਨਗੀਆਂ ਸਫ਼ਲਤਾ ਨਾਲ ਸਿਰੇ ਚੜ੍ਹੀਆਂ ਹਨ। ਸੰਗੀਤ, ਨਾਚ ਅਤੇ ਨਾਟ ਵੰਨਗੀਆਂ ਦੀ ਪੇਸ਼ਕਾਰੀ 14 ਨਵੰਬਰ ਤੋਂ 17 ਨਵੰਬਰ ਤੱਕ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਦੇ ਮੰਚ ਉੱਪਰ ਜਾਰੀ ਰਹੇਗੀ।
ਪੀ ਏ ਯੂ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਕਲਾ ਨਮੂਨਿਆਂ ਉੱਪਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਕਲਾ ਰੂਪ ਸਾਨੂੰ ਬੀਤੀਆਂ ਪੀੜੀਆਂ ਦੇ ਸੰਘਰਸ਼ ਤੋਂ ਜਾਣੂੰ ਕਰਵਾਉਂਦੇ ਹਨ। ਡਾ. ਸਹਿਜਪਾਲ ਸਿੰਘ ਨੇ ਕਿਹਾ ਕਿ ਕਿਸੇ ਸੰਸਥਾ ਦਾ ਵਿਗਿਆਨਕ ਖੇਤੀ ਨਾਲ ਜੁੜੇ ਹੋਣਾ ਅਤੇ ਸੱਭਿਆਚਾਰਕ ਮੁਹਾਜ਼ ਉੱਪਰ ਪਹਿਰਾ ਦੇਣਾ ਬੜੀ ਦੁਰਲੱਭ ਘਟਨਾ ਹੈ ਅਤੇ ਪੀ ਏ ਯੂ. ਵਿਚ ਇਹ ਘਟਨਾ ਸਾਕਾਰ ਰੂਪ ਵਿਚ ਦਿਸਦੀ ਹੈ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਸਾਰਿਆਂ ਦਾ ਨਿੱਘਾ ਸਵਾਗਤ ਕਰਦਿਆਂ ਯੁਵਕ ਮੇਲੇ ਵਿੱਚ ਪਹੁੰਚੇ ਵੱਖ-ਵੱਖ ਕਾਲਜ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਇੰਚਾਰਜ ਅਧਿਆਪਕਾਂ ਦਾ ਧੰਨਵਾਦ ਕੀਤਾ। ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਡਾ. ਸੁਮੇਧਾ ਭੰਡਾਰੀ ਨੇ ਕੀਤਾ। ਇਹਨਾਂ ਮੁਕਾਬਲਿਆਂ ਦਾ ਸੰਯੋਜਨ ਡਾ. ਬਿਕਰਮ ਸਿੰਘ ਅਤੇ ਸਤਵੀਰ ਸਿੰਘ ਨੇ ਬਾਖੂਬੀ ਕੀਤਾ।

