ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ

ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ

ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਦੇ ਹੋਏ ਕਿਸਾਨ।

ਸੰਤੋਖ ਗਿੱਲ
ਗੁਰੂਸਰ ਸੁਧਾਰ, 15 ਜਨਵਰੀ

ਸਾਂਝੇ ਕਿਸਾਨ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਦੀ ਘੇਰਾਬੰਦੀ ਜਾਰੀ ਰਹੀ। ਇਲਾਕੇ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਟਰੈਕਟਰ ਜਗਦੇਵ ਸਿੰਘ, ਸੁਰਜੀਤ ਸਿੰਘ ਸੀਤੀ, ਜਗਵਿੰਦਰ ਸਿੰਘ ਰਾਜੂ, ਸਿਕੰਦਰ ਸਿੰਘ, ਚਰਨਜੀਤ ਸਿੰਘ ਅਤੇ ਅਰਵਿੰਦਰ ਸਿੰਘ ਰਾਗੀ ਦੀ ਅਗਵਾਈ ਵਿਚ ਮਾਰਚ ਕਰਦੇ ਹੋਏ ਖੇੜੀ, ਝਮੇੜੀ, ਧਾਂਦਰਾ, ਕੈਂਡ, ਸ਼ਰੀਂਹ, ਸਾਇਆਂ, ਡੇਹਲੋਂ ਤੋਂ ਬਾਅਦ ਕਿਲ੍ਹਾ ਰਾਏਪੁਰ ਵਿੱਚ ਖ਼ੁਸ਼ਕ ਬੰਦਰਗਾਹ ’ਤੇ ਪਹੁੰਚੇ। ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਧਰਨਾ ਜਾਰੀ ਰਿਹਾ। ਜਮਹੂਰੀ ਕਿਸਾਨ ਸਭਾ ਦੇ ਆਗੂ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਆਗੂਆਂ ਨੇ 18 ਜਨਵਰੀ ਨੂੰ ਔਰਤਾਂ ਦਾ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ।

ਲੁਧਿਆਣਾ (ਗਗਨਦੀਪ ਅਰੋੜਾ): ਕੜਾਕੇ ਦੀ ਠੰਢ ਦੇ ਬਾਵਜੂਦ ਲੁਧਿਆਣਾ ਵਿਚ ਤਿੰਨ ਥਾਵਾਂ ’ਤੇ ਲੱਗੇ ਪੱਕੇ ਕਿਸਾਨੀਂ ਮੋਰਚਿਆਂ ਵਿਚ ਵੀ ਨੌਜਵਾਨ ਤੇ ਕਿਸਾਨ ਸਮਰਥਕਾਂ ਦਾ ਜੋਸ਼ ਵੱਧਦਾ ਜਾ ਰਿਹਾ ਹੈ। ਲੁਧਿਆਣਾ ਦੇ ਦੁਗਰੀ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ ਦੇ ਬਾਹਰ ਕਿਸਾਨ ਸਮਰਥਕਾਂ ਤੇ ਨੌਜਵਾਨਾਂ ਵੱਲੋਂ ਸਿੰਘੂ ਮੋਰਚਾ ਲੁਧਿਆਣਾ ਬਣਾਇਆ ਗਿਆ ਹੈ। ਇਸੇ ਮੋਰਚੇ ਵਿਚ ਅੰਬਾਨੀ ਤੇ ਅਡਾਨੀ ਬਾਈਕਾਟ ਦਾ ਮੁਹਿੰਮ ਚਲਾਈ ਗਈ ਹੈ। ਇਸ ਦੇ ਨਾਲ ਹੀ ਸ਼ਹਿਰੀਆਂ ਨੂੰ 26 ਜਨਵਰੀ ਨੂੰ ਦਿੱਲੀ ਦੇ ਬਾਰਡਰਾਂ ’ਤੇ ਕੀਤੀ ਜਾਣ ਵਾਲੀ ਕਿਸਾਨ ਪਰੇਡ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਕਿਸਾਨ ਗੁਰਪਾਲ ਸਿੰਘ ਸਰਾਭਾ ਅਤੇ ਸਮਰਥਕ ਗੋਲਡੀ ਅਰਨੇਜਾ ਨੇ ਦੱਸਿਆ ਕਿ ਜਿਵੇਂ ਠੰਢ ਵੱਧਦੀ ਜਾ ਰਹੀ ਹੈ, ਉਵੇਂ ਨੌਜਵਾਨਾਂ ਵਿਚ ਹੌਸਲਾਂ ਤੇ ਜ਼ੋਸ਼ ਵੀ ਵੱਧਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਧੁੰਦ ਤੇ ਠੰਢ ਹਵਾ ਦੌਰਾਨ ਵੀ ਬੱਚੇ, ਬਜ਼ੁਰਗ, ਨੌਜਵਾਨ ਤੇ ਔਰਤਾਂ ਸਭ ਇਸ ਮੌਰਚੇ ਵਿਚ ਸ਼ਾਮਲ ਹੋ ਰਹੇ ਹਨ। ਜਿਸ ਵਿਚ ਹੁਣ 26 ਜਨਵਰੀ ਦੀ ਪਰੇਡ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਈ ਦਿਨਾਂ ਤੋਂ ਇਹ ਰਿਲਾਇੰਸ ਦਾ ਪੈਟਰੋਲ ਪੰਪ ਬੰਦ ਕਰਵਾ ਕੇ ਸਿੰਘੂ ਮੋਰਚਾ ਲੁਧਿਆਣਾ ਬਣਾਇਆ ਹੈ। ਜਿਥੇ ਅੱਜ ਬੈਂਡ ਬਾਜ਼ੇ ਵਜਾਏ ਗਏ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸੇ ਤਰ੍ਹਾਂ ਫਿਰੋਜ਼ਪੁਰ ਰੋਡ ਅਤੇ ਲਾਡੋਵਾਲ ਟੌਲ ਪਲਾਜ਼ਾ ’ਤੇ ਧਰਨੇ ਜਾਰੀ ਹਨ।

ਜਗਰਾਉਂ (ਚਰਨਜੀਤ ਢਿੱਲੋਂ): ਰੇਲਵੇ ਪਾਰਕ ’ਚ ਚੱਲ ਰਿਹਾ ਕਿਸਾਨੀ ਸੰਘਰਸ਼ 108 ਦਿਨ ਲੰਮਾ ਖਿੱਚੇ ਜਾਣ ਦੇ ਬਾਵਜੂਦ ਕਿਸਾਨਾਂ ਦਾ ਜੋਸ਼ ਮੱਠਾ ਨਹੀਂ ਪਿਆ ਅਤੇ ਭੁੱਖ ਹੜਤਾਲ ਜਾਰੀ ਹੈ। ਇਸੇ ਤਰ੍ਹਾਂ ਲੁਧਿਆਣਾ-ਫਿਰੋਜ਼ਪੁਰ ਮਾਰਗ ’ਤੇ ਚੌਂਕੀਮਾਨ ਟੌਲ ’ਤੇ ਕਿਰਤੀ ਲੋਕ ਪੂਰੇ ਜੋਸ਼ੋ-ਖਰੋਸ਼ ਨਾਲ ਡੱਟੇ ਹੋਏ ਹਨ। ਉਧਰ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਮੁਕੰਮਲ ਤੌਰ ਤੇ ਕਾਮਯਾਬ ਕਰਨ ਲਈ ਪਿੰਡ-ਪਿੰਡ ਨੁੱਕੜ ਮੀਟਿੰਗਾਂ ਦਾ ਦੌਰ ਆਰੰਭ ਕੀਤਾ ਗਿਆ ਹੈ।

ਦਿੱਲੀ ਕਿਸਾਨਾਂ ਲਈ ਖੋਏ ਦੀਆਂ ਚਾਰ ਕੁਇੰਟਲ ਪਿੰਨੀਆਂ ਭੇਜੀਆਂ

ਸਮਰਾਲਾ (ਡੀਪੀਐੱਸ ਬੱਤਰ): ਪਿੰਡ ਗਗੜਾ ਦੇ ਨੌਜਵਾਨਾਂ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਰਹੇ ਜੁਝਾਰੂਆਂ ਲਈ ਚਾਰ ਕੁਇੰਟਲ ਖੋਏ ਦੀਆਂ ਪਿੰਨੀਆਂ ਬਣਾ ਕੇ ਭੇਜੀਆਂ ਗਈਆਂ । ਬਹਾਦਰ ਸਿੰਘ ਸਵੈਚ ਅਤੇ ਹਰਦੀਪ ਸਿੰਘ ਮਾਨ ਨੇ ਦੱਸਿਆ ਪਿੰਡ ਗਗੜਾ ਦੇ ਨੌਜਵਾਨਾਂ ਵੱਲੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉਣ ਲਈ ਸਮੇਂ ਸਮੇਂ ਸਿਰ ਰਸਦ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਪਿੰਡ ਦੇ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ, ਜਿਸ ਵਿੱਚ ਉਹ ਵਧ-ਚੜ੍ਹ ਕੇ ਹਿੱਸਾ ਲੈਣਗੇ।

ਆਟੋ ਰਿਕਸ਼ਾ ਯੂਨੀਅਨ ਵੱਲੋਂ ਕਿਸਾਨਾਂ ਦੇ ਹੱਕ ’ਚ ਰੈਲੀ

ਲੁਧਿਆਣਾ (ਟਨਸ): ਦਿੱਲੀ ਧਰਨੇ ’ਤੇ ਬੈਠੇ ਕਿਸਾਨਾਂ ਦਾ ਹੌਂਸਲਾ ਵਧਾਉਣ ਦੇ ਲਈ ਅੱਜ ਆਟੋ ਰਿਕਸ਼ਾ ਯੂਨੀਅਨ ਦੇ ਮੈਂਬਰਾਂ ਨੇ ਕਿਸਾਨਾਂ ਦੇ ਹੱਕ ਵਿਚ ਆਟੋ ਰੈਲੀ ਕੱਢੀ। ਆਟੋ ਚਾਲਕਾਂ ਨੇ ਪਹਿਲਾਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਤੇ ਫਿਰ ਡੀਸੀ ਦਫ਼ਤਰ ਦਾ ਚੱਕਰ ਕੱਟਿਆ। ਆਟੋ ਚਾਲਕਾਂ ਨੇ ਦੱਸਿਆ ਕਿ ਉਹ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਆਟੋ ਦੇ ਬਾਹਰ ਕਿਸਾਨ ਮਜ਼ਦੂਰ ਏਕਤਾ ਦੇ ਝੰਡੇ ’ਤੇ ਬੋਰਡ ਲਗਾਏ ਸਨ ਤੇ ਡੀਸੀ ਦਫ਼ਤਰ ਵਿੱਚ ਲਾਈਨ ਬਣਾ ਕੇ ਆਏ ਤਾਂ ਕਿ ਲੋਕਾਂ ਨੂੰ ਕਿਸਾਨਾਂ ਦੇ ਲਈ ਜਾਗਰੂਕ ਕੀਤਾ ਜਾਏ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All