ਦੇਵਿੰਦਰ ਸਿੰਘ ਜੱਗੀ
ਪਾਇਲ, 23 ਅਕਤੂਬਰ
ਪਾਇਲ-ਰਾੜਾ ਸਾਹਿਬ ਮੇਨ ਰੋਡ ’ਤੇ ਖੜਾ ਕਿਸਾਨ ਦਾ ਸਬਜ਼ੀਆਂ, ਫਰੂਟ ਤੇ ਸ਼ਹਿਦ ਵਾਲਾ ਟਰਾਲਾ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜਿਸ ਨੂੰ ਲੰਘਣ ਵਾਲਾ ਹਰ ਰਾਹੀ ਵੇਖ ਕੇ ਹੀ ਨਹੀਂ ਲੱਗਦਾ ਸਗੋਂ ਖਰੀਦੋ ਫਰੌਖਤ ਵੀ ਕਰਦਾ ਹੈ। ਕਿਸਾਨ ਬੂਟਾ ਸਿੰਘ ਗਿੱਲ ਰਾਣੋਂ ਨੇ ਦੱਸਿਆ ਕਿ ਉਸ ਵੱਲੋਂ ਸ਼ਹਿਦ ਦੇ ਧੰਦੇ ਦੇ ਨਾਲ-ਨਾਲ ‘ਖੇਤ ਤੋਂ ਸਿੱਧਾ ਗਾਹਕ ਤੱਕ’ ਸਬਜ਼ੀਆਂ, ਫਰੂਟ, ਸ਼ਹਿਦ, ਮੱਕੀ ਦਾ ਆਟਾ, ਤੇਲ, ਸ਼ੱਕਰ, ਹਲਦੀ, ਦਾਲਾਂ, ਆਚਾਰ ਜ਼ਹਿਰ ਮੁਕਤ ਵਾਜਬ ਭਾਅ ਵੇਚਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਖਿੱਚ ਦਾ ਕੇਂਦਰ ਬਣਿਆ ਟਰਾਲਾ ਕਰੀਬ ਸਵਾ ਲੱਖ ਰੁਪਏ ਦੀ ਲਾਗਤ ਨਾਲ ਬਣਿਆ ਹੈ, ਜਿਸ ਵਿੱਚ ਸਬਜ਼ੀਆਂ, ਫਰੂਟ ਰੱਖਣ ਲਈ ਲੱਕੜ ਦੀਆਂ ਪੇਟੀਆਂ ਬਣਾਈਆਂ ਗਈਆਂ ਹਨ, ਜਿਸ ਵਿੱਚ ਪਿਆ ਤਾਜ਼ਾ ਤੇ ਸਾਫ਼ ਸਾਮਾਨ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਕ ਕਰਦਾ ਹੈ। ਉਸ ਨੇ ਕਿਹਾ ਕਿ ਕੰਮ ਕੋਈ ਵੀ ਛੋਟਾ, ਵੱਡਾ ਜਾਂ ਮਾੜਾ ਨਹੀਂ, ਬਸ ਲਗਨ ਹੋਣੀ ਚਾਹੀਦੀ ਹੈ। ਅੱਜ ਸਾਡੀ ਨੌਜਵਾਨ ਪੀੜੀ ਬਾਹਰਲੇ ਮੁਲਕਾਂ ਵਿੱਚ ਅਜਿਹੇ ਕੰਮ ਕਰਦੀ ਹੈ ਪਰ ਇਥੇ ਉਹ ਸ਼ਰਮ ਮਹਿਸੂਸ ਕਰਦੇ ਹਨ, ਜਦੋਂਕਿ ਆਪਣੇ ਕੰਮ ਵਿੱਚ ਕੋਈ ਮੇਹਣਾ ਨਹੀਂ। ਬੂਟਾ ਸਿੰਘ ਰਾਣੋਂ ਨੇ ਕਿਹਾ ਕਿ ਸਾਡਾ ਮੰਤਵ ਤੁਹਾਡੀ ਤੰਦਰੁਸਤੀ ਹੈ ਜਦੋਂ ਅਸੀ ਜ਼ਹਿਰ ਮੁਕਤ ਵਸਤੂਆਂ ਖਾਵਾਂਗੇ ਤਾਂ ਸਾਡੀ ਸਿਹਤ ਵੀ ਨਿਰੋਗ ਰਹੇਗੀ।