ਬਾਬਾ ਨੰਦ ਸਿੰਘ ਦੀ ਬਰਸੀ ਨੂੰ ਸਮਰਪਿਤ ਸਮਾਗਮ ਸਮਾਪਤ
ਮਾਤਾ ਹਰਪਾਲ ਕੌਰ, ਸੰਧਵਾਂ, ਧਾਮੀ, ਸੌਂਦ ਅਤੇ ਹੋਰ ਆਗੂ ਨਤਮਸਤਕ ਹੋਏ
ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ 83ਵੀਂ ਬਰਸੀ ਨੂੰ ਸਮਰਪਿਤ ਪੰਜ ਰੋਜ਼ਾ ਸਮਾਗਮ ਅੱਜ ਸਮਾਪਤ ਹੋ ਗਏ। ਨਾਨਕਸਰ ਕਲੇਰਾਂ ਵਿਖੇ ਬਰਸੀ ਸਮਾਗਮਾਂ ਦੀ ਸਮਾਪਤੀ ਤੋਂ ਪਹਿਲਾਂ ਬੀਤੇ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਬਰਸੀ ਸਮਾਗਮ ਦੇ ਅੰਤਲੇ ਦਿਨ ਅੱਜ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਆਗੂਆਂ ਦੇ ਨਾਲ-ਨਾਲ ਸੈਂਕੜੇ ਦੀ ਗਿਣਤੀ ਵਿੱਚ ਸੰਗਤ ਪਹੁੰਚੀ। ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਮਾਨ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐੱਸ ਆਰ ਕਲੇਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਅਮਰਜੀਤ ਸਿੰਘ ਚਾਵਲਾ, ਚੇਅਰਮੈਨ ਕੁਲਵਿੰਦਰ ਸਿੰਘ ਕਾਲਾ, ‘ਆਪ’ ਆਗੂ ਪ੍ਰੋ. ਸੁਖਵਿੰਦਰ ਸੁੱਖੀ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਅਤੇ ਨੰਬਰਦਾਰ ਹਰਚਰਨ ਸਿੰਘ ਤੂਰ ਨੇ ਸਮਾਗਮ ’ਚ ਹਾਜ਼ਰੀ ਲਵਾਈ। ਇਨ੍ਹਾਂ ਆਗੂਆਂ ਨੂੰ ਬਾਬਾ ਗੁਰਜੀਤ ਸਿੰਘ ਨਾਨਕਸਰ, ਬਾਬਾ ਘਾਲਾ ਸਿੰਘ ਨਾਨਕਸਰ, ਬਾਬਾ ਲੱਖਾ ਸਿੰਘ ਨਾਨਕਸਰ ਤੇ ਬਾਬਾ ਗੁਰਚਰਨ ਸਿੰਘ ਨਾਨਕਸਰ ਨੇ ਸਨਮਾਨਿਆ। ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਨਾਨਕਸਰ ਸੰਪਰਦਾਇ ਦੇ ਧਰਮ ਪ੍ਰਚਾਰ ਵਿੱਚ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਨੰਦ ਸਿੰਘ ਨੇ ਵੀ ਸਾਰਾ ਜੀਵਨ ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਲੇਖੇ ਲਾਇਆ। ਨਸ਼ਿਆਂ ਦੇ ਵਧੇ ਰੁਝਾਨ ’ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਨੌਜਵਾਨਾਂ ਨੂੰ ਸਿੱਖੀ ਨਾਲ ਜੁੜਨ ਲਈ ਪ੍ਰੇਰਿਆ। ਇਸ ਦਿਸ਼ਾ ਵਿੱਚ ਨਾਨਕਸਰ ਸੰਪਰਦਾਇ ਨੂੰ ਹੋਰ ਯੋਗਦਾਨ ਪਾਉਣ ਦੀ ਅਪੀਲ ਕੀਤੀ। ਬਰਸੀ ਸਮਾਗਮ ਦੌਰਾਨ ਅਖੰਡ ਪਾਠ ਦੀਆਂ ਲੜੀਆਂ ਦੇ ਭੋਗ ਪਾਏ ਗਏ। ਬਾਬਾ ਸੇਵਾ ਸਿੰਘ ਨਾਨਕਸਰ ਸਣੇ ਹੋਰ ਪ੍ਰਸਿੱਧ ਰਾਗੀ ਜਥਿਆਂ ਨੇ ਧਾਰਮਿਕ ਦੀਵਾਨ ਦੌਰਾਨ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਬਾਬਾ ਅਰਵਿੰਦਰ ਸਿੰਘ, ਸੰਤ ਧੰਨਾ ਸਿੰਘ ਬੜੂੰਦੀ, ਸੰਤ ਜ਼ੋਰਾ ਸਿੰਘ ਬੱਧਨੀ, ਬਾਬਾ ਗੁਰਦੇਵ ਸਿੰਘ ਚੰਡੀਗੜ੍ਹ, ਬਾਬਾ ਬਲਜੀਤ ਸਿੰਘ ਨਾਨਕਸਰ, ਬਾਬਾ ਤੇਜਿੰਦਰ ਸਿੰਘ ਜਿੰਦੂ, ਭਾਈ ਧਰਮਿੰਦਰ ਸਿੰਘ ਤੋਂ ਇਲਾਵਾ ਰਾਜੇਸ਼ਇੰਦਰ ਸਿੱਧੂ, ਪ੍ਰਧਾਨ ਸੁਰਜੀਤ ਸਿੰਘ ਕਲੇਰ, ਕਮਲਜੀਤ ਸਿੰਘ ਬਰਾੜ, ਕੰਵਲਜੀਤ ਸਿੰਘ ਮੱਲ੍ਹਾ, ਪ੍ਰਧਾਨ ਬਿੰਦਰ ਮਨੀਲਾ, ਨਿਰਭੈ ਸਿੰਘ ਸਿੱਧੂ, ਹਰੀ ਸਿੰਘ ਕਾਉਂਕੇ, ਸਰਪ੍ਰੀਤ ਸਿੰਘ ਕਾਉਂਕੇ ਅਤੇ ਬਲਦੇਵ ਸਿੰਘ ਗਰਚਾ ਹਾਜ਼ਰ ਸਨ।

