ਤਾਜਪੁਰ ਰੋਡ ਨੇੜੇ ਪੈਂਦੇ ਡੇਅਰੀ ਕੰਪਲੈਕਸ ਦੇ ਪਾਰਕ ਵਿੱਚ ਕਸਰਤ ਲਈ ਲਾਇਆ ਸਾਮਾਨ ਵਰਤੋਂ ਵਿੱਚ ਨਾ ਆਉਣ ਕਰ ਕੇ ਕਬਾੜ ਦਾ ਰੂਪ ਧਾਰਨ ਲੱਗਾ ਹੈ। ਕਦੇ ਆਮ ਲੋਕਾਂ ਵੱਲੋਂ ਸੈਰ ਲਈ ਵਰਤੇ ਜਾਂਦੇ ਇਸ ਪਾਰਕ ਵਿੱਚ ਹੁਣ ਕਈ-ਕਈ ਫੁੱਟ ਉੱਚੀਆਂ ਝਾੜੀਆਂ ਉੱਗ ਚੁੱਕੀਆਂ ਹਨ। ਪਾਰਕ ਦੇ ਅੰਦਰ ਅਤੇ ਆਲੇ-ਦੁਆਲੇ ਡੇਅਰੀਆਂ ਵਿੱਚੋਂ ਨਿਕਲਦੀ ਰਹਿੰਦ-ਖੂੰਹਦ ਨੇ ਇਸ ਦੀ ਹਾਲਤ ਖਸਤਾ ਬਣਾ ਦਿੱਤੀ ਹੈ।
ਤਾਜਪੁਰ ਰੋਡ ’ਤੇ ਪੈਂਦੇ ਸ਼ਨੀ ਮੰਦਰ ਦੇ ਬਿਲਕੁਲ ਪਿਛਲੇ ਪਾਸੇ ਪੈਂਦੇ ਡੇਅਰੀ ਕੰਪਲੈਕਸ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਡੇਅਰੀਆਂ ਬਣੀਆਂ ਹੋਈਆਂ ਹਨ। ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਨ੍ਹਾਂ ਡੇਅਰੀਆਂ ਦਾ ਦੂਸ਼ਿਤ ਪਾਣੀ ਸਿੱਧਾ ਬੁੱਢੇ ਦਰਿਆ ਵਿੱਚ ਸੁੱਟਣ ’ਤੇ ਰੋਕ ਲਾਈ ਗਈ ਹੈ। ਭਾਵੇਂ ਹੁਣ ਕਈ ਡੇਅਰੀਆਂ ਦਾ ਦੂਸ਼ਿਤ ਪਾਣੀ ਸਿੱਧਾ ਬੁੱਢੇ ਦਰਿਆ ਵਿੱਚ ਨਹੀਂ ਪਰ ਇਸ ਪਾਣੀ ਨਾਲ ਲੱਗਦੀਆਂ ਗਲੀਆਂ ਅਤੇ ਪਾਰਕਾਂ ਵਿੱਚ ਆਮ ਘੁੰਮਦਾ ਦੇਖਿਆ ਜਾ ਸਕਦਾ ਹੈ।
ਇੱਥੇ ਹੀ ਪੈਂਦੇ ਇੱਕ ਪਾਰਕ ਵਿੱਚ ਕਈ-ਕਈ ਫੁੱਟ ਉੱਚੀਆਂ ਉੱਗੀਆਂ ਝਾੜੀਆਂ ਅਤੇ ਹੇਠਾਂ ਘੁੰਮਦੇ ਦੂਸ਼ਿਤ ਪਾਣੀ ਨੇ ਇੱਥੇ ਕਸਰਤ ਲਈ ਲਾਇਆ ਸਾਮਾਨ ਵੀ ਕਬਾੜ ਬਣਾ ਦਿੱਤਾ ਹੈ। ਪਤਾ ਲੱਗਿਆ ਹੈ ਕਿ ਇਸ ਪਾਰਕ ਵਿੱਚ ਇੱਕ ਪੁਲੀਸ ਮੁਲਾਜ਼ਮ ਨੇ ਪੱਲਿਓਂ ਬੂਟੇ ਲਿਆ ਕੇ ਲਾਏ ਸਨ, ਸੋਹਣਾ ਘਾਹ ਵੀ ਲਾਇਆ ਸੀ। ਲੋਕ ਸਵੇਰੇ-ਸ਼ਾਮ ਇਸ ਪਾਰਕ ਵਿੱਚ ਬੈਠਦੇ ਅਤੇ ਸੈਰ ਕਰਦੇ ਸਨ ਪਰ ਹੁਣ ਇਸ ਦੀ ਹਾਲਤ ਬਦਤਰ ਹੋ ਚੁੱਕੀ ਹੈ। ਇਸ ਵਿੱਚ ਕਸਰਤ ਲਈ ਲਾਇਆ ਸਾਮਾਨ ਪਿਛਲੇ ਕਈ ਮਹੀਨਿਆਂ ਤੋਂ ਵਰਤੋਂ ਵਿੱਚ ਹੀ ਨਹੀਂ ਆਇਆ, ਜਿਸ ਕਰ ਕੇ ਹੁਣ ਇਹ ਕਬਾੜ ਦਾ ਰੂਪ ਧਾਰ ਚੁੱਕਾ ਹੈ।

