ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਸਤੰਬਰ
ਸ਼ਹਿਰ ’ਚ ਪਿਛਲੇ ਦਿਨ ਸ਼ੁਰੂ ਕੀਤੇ ਗਏ ਕੁੱਤਿਆਂ ਦੇ ਪਾਰਕ ਦਾ ਮੁੱਦਾ ਸ਼ਹਿਰ ਵਿੱਚ ਭੱਖਦਾ ਜਾ ਰਿਹਾ ਹੈ। ਡੇਢ ਏਕੜ ਦੇ ਗ੍ਰੀਨ ਪਾਰਕ ਏਰੀਆ ਵਿੱਚ ਕਮਰਸ਼ੀਅਲ ਗਤੀਵਿਧੀ ਖ਼ਿਲਾਫ਼ ਪੀਏਸੀ (ਪਬਲਿਕ ਐਕਸ਼ਨ ਕਮੇਟੀ) ਨੇ ਨਿਯਮਾਂ ਦੇ ਉਲੰਘਣ ’ਤੇ ਨਗਰ ਨਿਗਮ ਨੂੰ ਸ਼ਿਕਾਇਤ ਭੇਜ ਦਿੱਤੀ ਹੈ। ਕਮੇਟੀ ਦੇ ਮੈਂਬਰਾਂ ਨੇ ਇਸ ਮੁੱਦੇ ਦੀ ਜਾਂਚ ਕਰਵਾਉਣ ਅਤੇ ਗ੍ਰੀਨ ਬੈਲਟ ਇਲਾਕੇ ’ਚ ਕਮਰਸ਼ੀਅਲ ਗਤੀਵਿਧੀਆਂ ਨੂੰ ਤੁਰੰਤ ਰੋਕਣ ਲਈ ਕਿਹਾ। ਪਬਲਿਕ ਐਕਸ਼ਨ ਕਮੇਟੀ ਨੇ ਨਿਗਮ ਨੂੰ 20 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ ਤਾਂ ਕਿ ਉਹ ਨੋਟਿਸ ਦਾ ਜਵਾਬ ਦੇ ਸਕਣ। ਜੇ ਜਵਾਬ ਨਹੀਂ ਆਉਂਦਾ ਤਾਂ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ’ਚ ਇਸ ਸਬੰਧੀ ਪਟੀਸ਼ਨ ਪਾਉਣ ਦੀ ਗੱਲ ਕਰ ਰਹੇ ਹਨ। ਪੀਸੀਐੱਸ ਦੇ ਪ੍ਰਧਾਨ ਕਪਿਲ ਅਰੋੜਾ ਦਾ ਕਹਿਣਾ ਹੈ ਕਿ ਨਿਗਮ ਨੇ ਭਾਈ ਰਣਧੀਰ ਸਿੰਘ ਨਗਰ ’ਚ ਕਰੀਬ ਡੇਢ ਏਕੜ ’ਚ ਡੋਗ ਪਾਰਕ ਬਣਾਇਆ ਹੈ। ਇਸ ਵਿੱਚ ਕੁੱਤਿਆਂ ਲਈ ਕੈਫ਼ੇ ਦੀ ਉਸਾਰੀ ਹੋ ਰਹੀ ਹੈ। ਇਸ ਇਲਾਕੇ ਨੂੰ ਟਾਈਲਾਂ ਲਾ ਕੇ ਬੰਦ ਕਰ ਦਿੱਤਾ ਗਿਆ ਹੈ। ਹਾਈ ਕੋਰਟ ਤੇ ਐੱਨਜੀਟੀ ਆਪਣੇ ਕਈ ਹੁਕਮਾਂ ’ਚ ਸਾਫ਼ ਕਰ ਚੁੱਕਿਆ ਹੈ ਕਿ ਗ੍ਰੀਨ ਬੈਲਟ ਇਲਾਕੇ ’ਚ ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਗਤੀਵਿਧੀ ਨਹੀਂ ਹੋਣੀ ਚਾਹੀਦੀ।
ਜੇ ਕਿਸੇ ਨੂੰ ਪ੍ਰੇਸ਼ਾਨੀ ਹੈ, ਉਹ ਅਦਾਲਤ ਜਾ ਸਕਦਾ ਹੈ: ਵਿਧਾਇਕ ਗੋਗੀ
ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਇਹ ਕੁਝ ਲੋਕ ਹੀ ਹਨ, ਜੋ ਸ਼ਹਿਰ ਦਾ ਵਿਕਾਸ ਹੋਣੋਂ ਰੋਕਣਾ ਚਾਹੁੰਦਾ ਹਨ, ਪਰ ਉਨ੍ਹਾਂ ਦੀ ਉਹ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਦਾ ਮਕਸਦ ਸਿਰਫ਼ ਕੰਮ ਕਰਨਾ ਹੈ। ਲੁਧਿਆਣਾ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਉਹ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਹਾਲੇ ਤੱਕ ਜੋ ਵੀ ਕੰਮ ਕੀਤੇ ਹਨ, ਉਹ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਕੀਤੇ ਹਨ। ਜੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੈ ਤਾਂ ਉਹ ਅਦਾਲਤ ਜਾ ਸਕਦਾ ਹੈ। ਵਿਧਾਇਕ ਗੋਗੀ ਪਹਿਲਾਂ ਹੀ ਆਖ ਚੁੱਕੇ ਹਨ ਕਿ ਪਾਰਕ ਦੀ ਸਥਾਪਨਾ ਲਈ ਨਿਗਮ ਵੱਲੋਂ ਕੋਈ ਖਰਚਾ ਨਹੀਂ ਕੀਤਾ ਗਿਆ।