ਸਿੱਧਵਾਂ ਨਹਿਰ ’ਤੇ ਗਿੱਲ ਰੋਡ ਪੁਲ ਦੀ ਹਾਲਤ ਖਸਤਾ
ਰਿਟੇਨਿੰਗ ਵਾਲ ਦਾ ਹਿੱਸਾ ਨੁਕਸਾਨਿਆ; ਕਲੈਂਪਾਂ ਦੇ ਸਹਾਰੇ ਟਿਕਿਆ ਢਾਂਚਾ; ਰਾਜਪਾਲ ਅਤੇ ਮੁੱਖ ਮੰਤਰੀ ਤੋਂ ਕਾਰਵਾਈ ਦੀ ਮੰਗ
ਗਿੱਲ ਚੌਕ ਨੇੜੇ ਸਿੱਧਵਾਂ ਨਹਿਰ ’ਤੇ ਬਣੇ ਗਿੱਲ ਰੋਡ ਪੁਲ ਦੀ ਖ਼ਸਤਾ ਹਾਲਤ ਬਾਰੇ ਸਮਾਜਿਕ ਕਾਰਕੁਨ ਜਸਵਿੰਦਰ ਸਿੰਘ ਸ਼ੰਮੀ ਅਤੇ ਅਰਵਿੰਦ ਸ਼ਰਮਾ ਨੇ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਵਿੱਚ ਪੁਲ ਦੀ ਸੁਰੱਖਿਆ ਕੰਧ, ਰੇਲਿੰਗ ਅਤੇ ਹੋਰ ਨੁਕਸਾਨੇ ਹਿੱਸਿਆਂ ਦੀ ਹਾਲਤ ਨੂੰ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਦੱਸਿਆ ਗਿਆ ਹੈ।
ਸ਼ਿਕਾਇਤਕਰਤਾਵਾਂ ਮੁਤਾਬਕ ਗਿੱਲ ਰੋਡ ਪੁਲ ਸ਼ਹਿਰ ਨੂੰ ਪਿੰਡ ਗਿੱਲ ਅਤੇ ਅੱਗੇ ਮਾਲੇਰਕੋਟਲਾ ਤੇ ਪਟਿਆਲਾ ਵੱਲ ਜਾਣ ਵਾਲੇ ਮੁੱਖ ਮਾਰਗ ਨਾਲ ਜੋੜਦਾ ਹੈ। ਇਸ ਰਸਤੇ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ। ਪੁਲ ਦੀ ਰਿਟੇਨਿੰਗ ਵਾਲ ਕਾਫ਼ੀ ਸਮੇਂ ਤੋਂ ਖ਼ਸਤਾ ਹਾਲਤ ਵਿੱਚ ਹੈ ਅਤੇ ਇਸ ਦਾ ਇੱਕ ਹਿੱਸਾ ਨੁਕਸਾਨਿਆ ਜਾ ਚੁੱਕਿਆ ਹੈ ਅਤੇ ਡਿੱਗ ਵੀ ਚੁੱਕਾ ਹੈ। ਖ਼ਰਾਬ ਹੋ ਚੁੱਕੇ ਹਿੱਸੇ ਵਿੱਚੋਂ ਸਰੀਆ ਬਾਹਰ ਦਿਖਾਈ ਦੇ ਰਿਹਾ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਕਿ ਢਾਂਚੇ ਦੇ ਕੁਝ ਹਿੱਸਿਆਂ ਨੂੰ ਕਲੈਂਪਾਂ ਦੇ ਸਹਾਰੇ ਆਰਜ਼ੀ ਤੌਰ ’ਤੇ ਟਿਕਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਿੱਧਵਾਂ ਨਹਿਰ ਦੇ ਕੰਢੇ ਲੱਗੀ ਸੁਰੱਖਿਆ ਰੇਲਿੰਗ ਅਤੇ ਗਰਿੱਲਾਂ ਵੀ ਕਈ ਥਾਵਾਂ ਤੋਂ ਟੁੱਟ ਚੁੱਕੀਆਂ ਹਨ ਜਾਂ ਗ਼ਾਇਬ ਹਨ। ਕੁਝ ਹਿੱਸੇ ਜ਼ਮੀਨ ’ਤੇ ਪਏ ਹਨ ਪਰ ਉਨ੍ਹਾਂ ਨੂੰ ਮੁੜ ਠੀਕ ਨਹੀਂ ਕੀਤਾ ਗਿਆ। ਅਜਿਹੇ ਵਿੱਚ ਪੁਲ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਸਣੇ ਲੋਕਾਂ ਲਈ ਹਰ ਵੇਲੇ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਆਗੂਆਂ ਨੇ ਖ਼ਦਸ਼ਾ ਜਤਾਇਆ ਕਿ ਜੇ ਸਮਾਂ ਰਹਿੰਦੇ ਇਸ ਪੁਲ ਦੀ ਮੁਰੰਮਤ ਨਾ ਕਰਵਾਈ ਗਈ ਤਾਂ ਭਾਰੀ ਮੀਂਹ ਜਾਂ ਮਿੱਟੀ ਦੇ ਲਗਾਤਾਰ ਖੋਰ ਕਾਰਨ ਹਾਲਾਤ ਹੋਰ ਵਿਗੜ ਸਕਦੇ ਹਨ। ਸਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਅਹਿਮ ਮਾਰਗ ਹੈ ਅਤੇ ਉੱਚ ਅਧਿਕਾਰੀ ਵੀ ਇੱਥੋਂ ਲੰਘਦੇ ਰਹਿੰਦੇ ਹਨ, ਇਸ ਦੇ ਬਾਵਜੂਦ ਜ਼ਿੰਮੇਵਾਰ ਵਿਭਾਗਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।
ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਬੰਧਤ ਵਿਭਾਗਾਂ ਦੀ ਸਾਂਝੀ ਟੀਮ ਬਣਾ ਕੇ ਪੁਲ ਦਾ ਤੁਰੰਤ ਸੁਰੱਖਿਆ ਨਿਰੀਖਣ ਕਰਵਾਇਆ ਜਾਵੇ। ਇਸ ਤੋਂ ਇਲਾਵਾ ਰਿਟੇਨਿੰਗ ਵਾਲ, ਪੁਲ ਦੇ ਨੁਕਸਾਨੇ ਹਿੱਸਿਆਂ ਅਤੇ ਸੁਰੱਖਿਆ ਰੇਲਿੰਗ ਦੀ ਫ਼ੌਰੀ ਮੁਰੰਮਤ ਕਰ ਕੇ ਇਸ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ ਅਤੇ ਇਸ ਅਣਗਹਿਲੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।

