ਤਲਵੰਡੀ ਗੇਟ ਦੀ ਸੰਦੂਕੀ ਛੱਤ ਢਾਹੁਣ ਦਾ ਮਾਮਲਾ ਭਖਿਆ
ਰਾਏਕੋਟ ਸ਼ਹਿਰ ਦੇ ਵਿਰਾਸਤੀ ਦਰਵਾਜ਼ੇ ‘ਤਲਵੰਡੀ ਗੇਟ’ ਦੀ ਸੰਦੂਕੀ ਛੱਤ ਢਾਹੁਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਅੱਜ ਇਸ ਮਾਮਲੇ ’ਚ ਪ੍ਰੈੱਸ ਕਾਨਫਰੰਸ ਕਰਦਿਆਂ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਨਦੀਪ ਸਿੰਘ ਗਿੱਲ...
ਰਾਏਕੋਟ ਸ਼ਹਿਰ ਦੇ ਵਿਰਾਸਤੀ ਦਰਵਾਜ਼ੇ ‘ਤਲਵੰਡੀ ਗੇਟ’ ਦੀ ਸੰਦੂਕੀ ਛੱਤ ਢਾਹੁਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਅੱਜ ਇਸ ਮਾਮਲੇ ’ਚ ਪ੍ਰੈੱਸ ਕਾਨਫਰੰਸ ਕਰਦਿਆਂ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਜਗਰਾਉਂ ਅਦਾਲਤ ਵਿੱਚ ਇਸ ਮਾਮਲੇ ਸਬੰਧੀ ਪਟੀਸ਼ਨ ਦਾਇਰ ਕੀਤੀ ਸੀ ਕਿ ਇਸ ਤਲਵੰਡੀ ਗੇਟ ਨੂੰ ਨਿੱਜੀ ਹੱਥਾਂ ਵਿੱਚ ਨਾ ਦਿੱਤਾ ਜਾਵੇ ਅਤੇ ਲੈਂਟਰ ਪਾਉਣ ਦੀ ਬਜਾਏ ਸੰਦੂਕੀ ਛੱਤ ਹੀ ਪਾਈ ਜਾਵੇ ਪਰ ਕੌਂਸਲ ਪ੍ਰਧਾਨ ਤੇੇ ਕੌਂਸਲਰਾਂ ਨੇ ਅਦਾਲਤ ਦੀ ਤੌਹੀਨ ਕਰਦਿਆਂ ਵਿਰਾਸਤੀ ਤਲਵੰਡੀ ਗੇਟ ’ਤੇ ਲੈਂਟਰ ਪਵਾ ਦਿੱਤਾ ਸੀ। ਹੁਣ ਕੱਲ੍ਹ 2 ਮਾਰਚ ਨੂੰ ਨਗਰ ਕੌਂਸਲ ਵੱਲੋਂ ਵਿਰਾਸਤੀ ਤਲਵੰਡੀ ਗੇਟ ’ਤੇ ਲੈਂਟਰ ਪਾਏ ਜਾਣ ਦਾ ਜੋ ਮਤਾ ਪਾਇਆ ਗਿਆ ਹੈ, ਉਸ ਵਿੱਚ ਦੱਸਿਆ ਗਿਆ ਹੈ ਕਿ ਕੀਮਤੀ ਲਾਲ ਪੁੱਤਰ ਰਤਨ ਲਾਲ ਅਤੇ ਹਰਦੀਪ ਸਿੰਘ ਪੁੱਤਰ ਇੰਦਰਪਾਲ ਸਿੰਘ ਦੇ ਨਾਮ ’ਤੇ ਸਹਿਮਤੀ ਪ੍ਰਗਟਾ ਦਿੱਤੀ ਗਈ ਹੈ ਕਿ ਇਹ ਵਿਅਕਤੀ ਇਸ ਵਿਰਾਸਤੀ ਗੇਟ ’ਤੇ ਲੈਂਟਰ ਪਾਉਣਗੇ। ਅਕਾਲੀ ਆਗੂਆਂ ਨੇ ਕਿਹਾ ਕਿ ਇਸ ਗੇਟ ਦਾ ਲੈਂਟਰ ਤਾਂ 22 ਜਨਵਰੀ ਨੂੰ ਪਾਇਆ ਜਾ ਚੁੱਕਾ ਹੈ।
ਪ੍ਰਧਾਨ ਗਿੱਲ ਨੇ ਦੱਸਿਆ ਕਿ ਨਗਰ ਕੌਂਸਲ ਪ੍ਰਧਾਨ, ਕੌਂਸਲਰਾਂ, ਕਾਂਗਰਸੀ ਵਰਕਰਾਂ ਤੇ ਸੱਤਾਧਾਰੀ ਧਿਰ ਦੇ ਕੁਝ ਲੋਕਾਂ ਵੱਲੋਂ ਲੈਂਟਰ ਪਾਉਣ ਦੇ ਨਾਲ-ਨਾਲ ਦਰਵਾਜ਼ਾ ਵਿੱਚ ਦੁਕਾਨਾਂ ਕਰਨ ਵਾਲੇ ਲੋਕਾਂ ਨੂੰ ਛੱਤ ’ਤੇ ਕਬਜ਼ਾ ਕਰਵਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਨਗਰ ਕੌਂਸਲ ਪ੍ਰਸ਼ਾਸਨ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਕਰੇ, ਨਹੀਂ ਉਹ ਇਹ ਮਾਮਲਾ ਹਾਈ ਕੋਰਟ ਵਿੱਚ ਲੈ ਕੇ ਜਾਣਗੇ। ਇਸ ਮੌਕੇ ਕੋਰ ਕਮੇਟੀ ਮੈਂਬਰ ਮਾਸਟਰ ਬਲਜਿੰਦਰ ਸਿੰਘ ਗਰੇਵਾਲ, ਨਛੱਤਰ ਸਿੰਘ, ਜਗਦੇਵ ਸਿੰਘ ਆਦਿ ਹਾਜ਼ਰ ਸਨ।
ਸ਼ਿਕਾਇਤ ਮਿਲਣ ’ਤੇ ਜਾਂਚ ਕਰਾਂਗੇ: ਈ ਓ
ਕਾਰਜਸਾਧਕ ਅਫ਼ਸਰ ਵਿਕਾਸ ਉੱਪਲ ਨੇ ਆਖਿਆ ਕਿ ਬੀਤੀ ਕੱਲ੍ਹ ਤਲਵੰਡੀ ਗੇਟ ਦੀ ਛੱਤ ਪਾਉਣ ਸਬੰਧੀ ਜੋ ਮਤਾ ਲਿਆਂਦਾ ਗਿਆ ਸੀ, ਉਹ ਹਾਊਸ ਦੀ ਸਹਿਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜੋ ਵੀ ਸ਼ਿਕਾਇਤ ਉਨ੍ਹਾਂ ਨੂੰ ਪ੍ਰਾਪਤ ਹੋਵੇਗੀ ਉਸ ਦੀ ਤਫਤੀਸ਼ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਹਾਊਸ ਨੇ 10 ਜਨਵਰੀ ਨੂੰ ਮਤਾ ਪਾਸ ਕੀਤਾ ਸੀ: ਜੋਸ਼ੀ
ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ ਨੇ ਆਖਿਆ ਕਿ ਹਾਊਸ ਵੱਲੋਂ 10 ਜਨਵਰੀ ਨੂੰ ਸਹਿਮਤੀ ਮਤਾ ਪਾਸ ਕੀਤਾ ਗਿਆ ਸੀ, ਜਦਕਿ 2 ਮਾਰਚ ਵਾਲੀ ਮੀਟਿੰਗ ਵਿੱਚ ਹਾਊਸ ਨੂੰ ਇਸ ਮਤੇ ਬਾਰੇ ਜਾਣੂ ਕਰਵਾਇਆ ਗਿਆ ਹੈ, ਨਾ ਕਿ ਮਤਾ ਪਾਇਆ ਗਿਆ ਹੈ। ਇਸ ਮੀਟਿੰਗ ਵਿੱਚ 15 ਮੈਂਬਰਾਂ ’ਚੋਂ 12 ਮੈਂਬਰ ਹਾਜ਼ਰ ਸਨ।

