ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੁੱਢੇ ਦਰਿਆ ਕੰਢੇ ਤ੍ਰਿਵੈਣੀ ਲਾਉਣ ਦੀ ਸ਼ੁਰੂਆਤ

ਆਲਮੀ ਤਪਸ਼ ਨੂੰ ਘਟਾਉਣ ਲਈ ਵੱਧ ਤੋਂ ਵੱਧ ਰੁਖ ਲਾਉਣ ਦੀ ਲੋੜ: ਸੀਚੇਵਾਲ
ਬੁੱਢਾ ਦਰਿਆ ਕੰਢੇ ਤ੍ਰਿਵੈਣੀ ਲਗਾਉਂਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਹੋਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 15 ਜੂਨ

Advertisement

ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਕੀਤੀ ਜਾ ਰਹੀ ਕਾਰ ਸੇਵਾ ਦੀ ਅਗਵਾਈ ਕਰ ਰਹੇ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਬੁੱਢੇ ਦਰਿਆ ਕਿਨਾਰੇ ਤ੍ਰਿਵੈਣੀ ਲਗਵਾਈ। ਲੁਧਿਆਣੇ ਵਿੱਚ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਯਤਨਾਂ ਵਿੱਚ ਲੱਗੇ ਸੰਤ ਸੀਚੇਵਾਲ ਨੂੰ ਕਾਫੀ ਹੱਦ ਤੱਕ ਸਫ਼ਲਤਾ ਵੀ ਮਿਲੀ ਹੈ। ਹੁਣ ਦਰਿਆ ਦੇ ਕਿਨਾਰਿਆਂ ਨੂੰ ਹਰਿਆ-ਭਰਿਆ ਕਰਨ ਦੀ ਚੱਲ ਰਹੀ ਮੁਹਿੰੰਮ ਦੇ ਚੱਲਦਿਆ ਤ੍ਰਿਵੈਣੀਆਂ ਲਗਾਉਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਤ੍ਰਿਵੈਣੀ ਵਿੱਚ ਪਿੱਪਲ, ਬੋਹੜ ਅਤੇ ਨਿੰਮ ਦੇ ਬੂਟੇ ਇੱਕ ਥਾਂ ’ਤੇ ਲਾਏ ਜਾਂਦੇ ਹਨ। ਤ੍ਰਿਵੈਣੀ ਦਾ ਪੰਜਾਬੀ ਸਭਿਆਚਾਰ ਵਿੱਚ ਵੀ ਆਪਣਾ ਵੱਖਰਾ ਮੁਕਾਮ ਹੈ। ਇਹ ਬੂਟੇ ਹਵਾ ਨੂੰ ਸ਼ੁੱਧ ਰੱਖਣ ਵਿੱਚ ਵੀ ਵੱਡੀ ਭੂਮਿਕਾ ਨਿਭਾਉਂਦੇ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਵਿੱਚ ਕਹਿਰਾਂ ਦੀ ਗਰਮੀ ਪੈ ਰਹੀ ਹੈ। ਪਹਿਲਾਂ 47 ਜਾਂ 48 ਡਿਗਰੀ ਤੱਕ ਤਾਪਮਾਨ ਨਹੀਂ ਸੀ ਗਿਆ। ਇਹ ਸਾਰਾ ਕੁਝ ਜਲਵਾਯੂ ਤਬਦੀਲੀਆਂ ਕਾਰਨ ਵਾਪਰ ਰਿਹਾ ਹੈ। ਆਲਮੀ ਤਪਸ਼ ਨੂੰ ਘਟਾਉਣ ਲਈ ਵੀ ਸਭ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਗਲੇਸ਼ੀਅਰ ਜਿੰਨੀ ਤੇਜ਼ੀ ਨਾਲ ਪਿਘਲ ਰਹੇ ਹਨ, ਉਸ ਨਾਲ ਤਾਪਮਾਨ ਵਿੱਚ ਆਏ ਵਿਗਾੜ ਨੂੰ ਰੋਕਣ ਲਈ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਮੀਂਹ ਘੱਟ ਪੈਣ ਦਾ ਕਾਰਨ ਵੀ ਰੁੱਖਾਂ ਹੇਠਾਂ ਤੇਜ਼ੀ ਨਾਲ ਘੱਟ ਰਿਹਾ ਰਕਬਾ ਇੱਕ ਵੱਡਾ ਕਾਰਨ ਹੈ। ਉਨ੍ਹਾਂ ਕਿਹਾ ਕਿ ਰੁੱਖ ਹੀ ਮਨੁੱਖਾਂ ਨੂੰ ਬਚਾਉਣ ਲਈ ਸਹਾਈ ਹੋਣਗੇ। ਸੰਤ ਸੀਚੇਵਾਲ ਨੇ ਦੱਸਿਆ ਕਿ ਤ੍ਰਿਵੈਣੀ ਦਾ ਆਪਣਾ ਮਹੱਤਵ ਹੈ। ਅੱਜ ਹਾੜ੍ਹ ਦੀ ਸੰਗਰਾਂਦ ਮੌਕੇ ਜਿੱਥੇ ਸੀਚੇਵਾਲ ਅਤੇ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਸਨ ਉਥੇ ਹੀ ਬੁੱਢੇ ਦਰਿਆ ਕਿਨਾਰੇ ਹੋਰ ਰੁੱਖ ਲਗਾਉਣ ਦੇ ਨਾਲ-ਨਾਲ ਤ੍ਰਿਵੈਣੀਆਂ ਲਗਾਉਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ।

Advertisement