ਗੁਰਿੰਦਰ ਸਿੰਘ
ਲੁਧਿਆਣਾ, 9 ਜੁਲਾਈ
ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ’ਤੇ ਵੱਧ ਟੈਕਸਾਂ ਦੇ ਵਿਰੋਧ ਵਿੱਚ ਅੱਜ ਯੂਥ ਅਕਾਲੀ ਦਲ ਨੇ ਨਿਵੇਕਲੇ ਢੰਗ ਨਾਲ ਰੋਸ ਪ੍ਰਗਟ ਕਰਦਿਆਂ ਜਨਤਾ ਨੂੰ ਮੁਫ਼ਤ ਵਿੱਚ ਪੈਟਰੋਲ ਅਤੇ ਡੀਜ਼ਲ ਵੰਡਿਆ।
ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਸਾਹਮਣੇ ਪੈਟਰੋਲ ਪੰਪ ਦੇ ਬਾਹਰ ਆਟੋ ਰਿਕਸ਼ਾ ਚਾਲਕਾਂ ਅਤੇ ਹੋਰਾਂ ਨੂੰ 500 ਲੀਟਰ ਤੋਂ ਵੱਧ ਪੈਟਰੋਲ ਅਤੇ ਡੀਜ਼ਲ ਵੰਡ ਕੇ ਲੋਕਾਂ ਦੀ ਮਦਦ ਕੀਤੀ ਅਤੇ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ।
ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਾਰੇ ਸੂਬਿਆਂ ਨਾਲੋਂ ਵੱਧ ਹਨ ਕਿਉਂਕਿ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਭਾਰੀ ਟੈਕਸ ਲਗਾਏ ਹੋਏ ਹਨ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਨਤਾ ਦੀ ਪਹੁੰਚ ਤੋਂ ਬਾਹਰ ਹੋਣ ਕਾਰਨ ਲੋਕ ਵਾਹਨਾਂ ’ਤੇ ਜਾਣ ਤੋਂ ਅਸਮਰੱਥ ਹਨ। ਸਮਾਜ ਸੇਵੀ ਬਿੱਟੂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਦਿੰਦਿਆਂ ਭਾਰੀ ਆਰਥਿਕ ਤੋਂ ਬਚਾਇਆ ਜਾਵੇ। ਇਸ ਮੌਕੇ ਗਗਨਦੀਪ ਸਿੰਘ ਗਿਆਸਪੁਰਾ, ਸਰਬਜੀਤ ਸਿੰਘ ਖਾਲਸਾ, ਗਗਨਦੀਪ ਸਿੰਘ ਵਿੰਕਲ, ਅਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਵਰਿੰਦਰ ਸਿੰਘ ਅਤੇ ਹਰਦੇਵ ਸਿੰਘ ਹਾਜ਼ਰ ਸਨ।
ਇਨਕਲਾਬ ਜ਼ਿੰਦਾਬਾਦ ਲਹਿਰ ਵੱਲੋਂ ਪ੍ਰਦਰਸ਼ਨ
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਇਨਕਲਾਬ ਜ਼ਿੰਦਾਬਾਦ ਲਹਿਰ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਖ਼ਿਲਾਫ਼ ਰਾਏਕੋਟ ਦੇ ਹਰੀ ਸਿੰਘ ਨਲਵਾ ਚੌਕ ਤੋਂ ਐੱਸਡੀਐੱਮ ਦਫ਼ਤਰ ਰਾਏਕੋਟ ਤੱਕ ਪੈਦਲ ਰੋੋਸ ਮਾਰਚ ਕੀਤਾ ਗਿਆ। ਲਹਿਰ ਦੇ ਆਗੂ ਸੁਖਵਿੰਦਰ ਸਿੰਘ ਹਲਵਾਰਾ ਦੀ ਅਗਵਾਈ ਹੇਠ ਤੇਲ ਦੀਆਂ ਵਧੀਆ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਕਰਦਿਆ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਤੇਲ ਦੀਆਂ ਵਧਾਈਆ ਕੀਮਤਾਂ ਨੂੰ ਵਾਪਸ ਲਿਆ ਜਾਵੇ ਤਾਂ ਜੋ ਲੋਕਾਂ ‘ਤੇ ਪੈ ਰਹੇ ਮਹਿੰਗਾਈ ਦੇ ਬੋਝ ਨੂੰ ਠੱਲ ਪਾਈ ਜਾ ਸਕੇ। ਇਸ ਤੋਂ ਉਪਰੰਤ ਐੱਸਡੀਐੱਮ ਦਫ਼ਤਰ ਰਾਏਕੋਟ ਵਿੱਚ ਤੇਲ ਕੀਮਤਾਂ ਦੇ ਵਾਧੇ ਖ਼ਿਲਾਫ਼ ਮੰਗ ਪੱਤਰ ਦੇਣ ਪੁੱਜੇ, ਜਿੱਥੇ ਨਾਇਬ ਤਹਿਸੀਲਦਾਰ ਗੁਰਪਿਆਰ ਸਿੰਘ ਨੇ ਮੰਗ ਪੱਤਰ ਪ੍ਰਾਪਤ ਕੀਤਾ। ਇਸ ਮੌਕੇ ਜਗਦੇਵ ਸਿੰਘ ਹਲਵਾਰਾ, ਮਨੀ ਸਿੰਘ ਰਾਏਕੋਟ, ਬਲਵੀਰ ਸਿੰਘ ਚੌਂਕੀਮਾਨ, ਹਰਜੀਤ ਸਿੰਘ ਬੁਰਜ ਹਰੀ ਸਿੰਘ, ਮਨੂ ਸਿੰਘ ਖੇਲਾ, ਕਰਨ ਸਿੰਘ ਰਾਏਕੋਟ, ਜਥੇਦਾਰ ਬੂਟਾ ਸਿੰਘ ਹਲਵਾਰਾ ਹਾਜ਼ਰ ਸਨ।