Ludhiana Janmashtami: ਜਨਮ ਅਸ਼ਟਮੀ ਮੌਕੇ ਮੰਦਰਾਂ ਵਿੱਚ ਰੌਣਕਾਂ ਲੱਗੀਆਂ
ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ; ਲੁਧਿਆਣਾ ਦੇ ਸਭ ਤੋਂ ਪ੍ਰਾਚੀਨ ਕ੍ਰਿਸ਼ਨਾ ਮੰਦਰ ਵਿੱਚ ਸ਼ਰਧਾਲੂਆਂ ਦੀ ਭੀਡ਼
ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਮੌਕੇ ਅੱਜ ਸਨਅਤੀ ਸ਼ਹਿਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਲੱਗ ਰਹੀ। ਮੰਦਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ। ਹਰ ਪਾਸੇ ਸਿਰਫ਼ ਕ੍ਰਿਸ਼ਨ ਜੀ ਦੇ ਭਗਤ ਨਜ਼ਰ ਆ ਰਹੇ ਸਨ। ਮੰਦਰਾਂ ਵਿੱਚ ਝੋਲੇ ਵਿੱਚ ਕ੍ਰਿਸ਼ਨ ਜੀ ਦੇ ਸਵਰੂਪ ਪਾ ਕੇ ਲੋਕ ਝੂਟੇ ਦੇ ਰਹੇ ਸਨ। ਮੰਦਰਾਂ ਦੇ ਬਾਹਰ ਭਾਰੀ ਭੀੜ ਹੋਣ ਕਾਰਨ ਲੁਧਿਆਣਾ ਪੁਲੀਸ ਨੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਹਰ ਮੰਦਰ ਦੇ ਬਾਹਰ ਲੁਧਿਆਣਾ ਪੁਲੀਸ ਦੇ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ, ਜੋਕਿ ਆਉਣ-ਜਾਣ ਵਾਲਿਆਂ ’ਤੇ ਨਜ਼ਰ ਰੱਖ ਰਹੇ ਸਨ। ਸ਼ਹਿਰ ਦੇ ਸਭ ਤੋਂ ਪ੍ਰਾਚੀਨ ਕ੍ਰਿਸ਼ਨਾ ਮੰਦਰ ਮਾਡਲ ਟਾਊਨ ਵਿੱਚ ਅੱਜ ਸਵੇਰੇ ਤੜਕੇ ਤੋਂ ਹੀ ਸ਼ਰਧਾਲੂਆਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਲਈ ਸ਼ਰਧਾਲੂ ਇਸ ਮੰਦਰ ਵਿੱਚ ਪੂਰੇ ਪੰਜਾਬ ਤੋਂ ਆਏ ਹੋਏ ਸਨ। ਮੰਦਰ ਨੂੰ ਤਾਜ਼ੇ ਫੁੱਲਾਂ ਦੇ ਨਾਲ ਸਜਾਇਆ ਗਿਆ ਸੀ। ਇਸਦੇ ਨਾਲ ਹੀ ਸ਼ਰਧਾਲੂਆਂ ਲਈ ਮੰਦਰ ਦੇ ਬਾਹਰ ਖਾਣ ਪੀਣ ਦੀਆਂ ਦੁਕਾਨਾਂ ਵੀ ਲੱਗੀਆਂ ਗਈਆਂ। ਇਸੇ ਤਰ੍ਹਾਂ ਸ਼ਹਿਰ ਦੇ ਸ੍ਰੀ ਗੋਵਿੰਦ ਗੋਧਾਮ ਵਿੱਚ ਤਾਂ ਨਜ਼ਾਰਾ ਵਰਿੰਦਾਵਣ ਵਾਲਾ ਸੀ, ਜਿਥੇ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਇੱਥੇ ਕ੍ਰਿਸ਼ਨ ਜੀ ਲਈ ਖਾਸ ਫੁੱਲ ਬੰਗਲਾਂ ਅਤੇ ਰਾਧਾ ਕ੍ਰਿਸ਼ਨ ਜੀ ਦੀ ਮਨਮੋਹਕ ਮੂਰਤੀ ਤਾਂ ਖਾਸ ਫੁੱਲਾਂ ਨਾਲ ਸਜਾਇਆ ਗਿਆ ਸੀ। ਪ੍ਰਬੰਧਕਾਂ ਵੱਲੋਂ ਇੱਥੇ ਖਾਸ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸੇ ਤਰ੍ਹਾਂ ਸ਼ਹਿਰ ਦੇ ਹੋਰਨਾਂ ਮੰਦਰਾਂ ਵਿੱਚ ਨਜ਼ਾਰਾ ਅਜਿਹਾ ਹੀ ਸੀ, ਜਿਥੇ ਦੇਰ ਰਾਤ 12 ਵਜੇ ਲੋਕਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਮੰਦਰਾਂ ਵਿੱਚ ‘ਹਾਥੀ ਘੋੜਾ ਪਾਲਕੀ, ਜੈ ਕਨ੍ਹਈਆ ਲਾਲ ਕੀ’ ਦੇ ਜੈਕਾਰੇ ਵੀ ਲਗਦੇ ਰਹੇ।
ਪ੍ਰੇਮ ਧਾਮ ਵਿੱਚ ਹੋਇਆ ਦਹੀਂ ਹਾਂਡੀ ਉਤਸਵ
ਕਾਕੋਵਾਲ ਰੋਡ ਸਥਿਤ ਸ੍ਰੀ ਪ੍ਰੇਮ ਧਾਮ ਵਿੱਚ ਜਨਮ ਅਸ਼ਟਮੀ ਮੌਕੇ ਖਾਸ ਤੌਰ ’ਤੇ ਦਹੀ ਹਾਂਡੀ ਉਤਸਵ ਮਨਾਇਆ ਗਿਆ। ਇਸ ਵਿੱਚ ਬਾਹਰੀ ਸੂਬਿਆਂ ਤੋਂ ਦਹੀਂ ਹਾਂਡੀ ਤੋੜਨ ਦੇ ਲਈ ਵੀ ਲੋਕ ਵਿਸ਼ੇਸ਼ ਤੌਰ ’ਤੇ ਪੁੱਜੇ। ਇੱਥੇ ਬੰਟੀ ਬਾਬਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਗਾਇਕ ਸੁਰਿੰਦਰ ਨੇ ਰਾਧਾ ਕ੍ਰਿਸ਼ਨ ਜੀ ਦਾ ਗੁਣ-ਗਾਣ ਕੀਤਾ। ਇਸ ਮੌਕੇ ’ਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਖਾਸ ਤੌਰ ’ਤੇ ਪੁੱਜੇ। ਉਨ੍ਹਾਂ ਨੇ ਉਥੇ ਮੌਜੂਦ ਸੈਂਕੜੇ ਕ੍ਰਿਸ਼ਨ ਭਗਤਾਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ। ਗਾਇਕ ਸੁਰਿੰਦਰ ਨੇ ਰਾਧਾ ਕ੍ਰਿਸ਼ਨ ਜੀ ਦਾ ਗੁਣ-ਗਾਣ ਕਰ ਕੇ ਲੋਕਾਂ ਨੂੰ ਕ੍ਰਿਸ਼ਨ ਜੀ ਦੇ ਰੰਗ ਵਿੱਚ ਰੰਗ ਦਿੱਤਾ।
ਇਸਕੌਨ ਮੰਦਰ ਵਿੱਚ ਵੀ ਸਮਾਗਮ
ਲੁਧਿਆਣਾ ਦੇ ਸਾਊਥ ਸਿਟੀ ਰੋਡ ਸਥਿਤ ਇਸਕੌਨ ਮੰਦਰ ਵਿੱਚ ਵੀ ਜਨਮ ਅਸ਼ਟਮੀ ਦਾ ਸਮਾਗਮ ਖਾਸ ਤੌਰ ’ਤੇ ਮਨਾਇਆ ਗਿਆ। ਇੱਥੇ ‘ਹਰੇ ਕ੍ਰਿਸ਼ਨਾ ਹਰੇ ਰਾਮਾ’ ਦੇ ਜੈਕਾਰਿਆਂ ਨਾਲ ਮਾਹੌਲ ਧਾਰਮਿਕ ਰੰਗ ਵਿੱਚ ਰੰਗਿਆ ਗਿਆ। ਸੈਂਕੜੇ ਲੋਕਾਂ ਨੇ ਇਥੇ ਠਾਕੁਰ ਜੀ ਦੇ ਦਰਸ਼ਨ ਕੀਤੇ।

