ਗੁਰੂ ਨਾਨਕ ਸਕੂਲ ’ਚ ਤੀਜ ਮੇਲਾ
ਇਥੋਂ ਦੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ। ਪ੍ਰਿੰਸੀਪਲ ਡੀਪੀ ਠਾਕੁਰ ਨੇ ਦੱਸਿਆ ਕਿ ਸਾਉਣ ਮਹੀਨੇ ਦੀ ਮੱਸਿਆ ਤੋਂ ਬਾਅਦ ਤੀਜ ਦਾ ਤਿਉਹਾਰ ਸ਼ੁਰੂ ਹੁੰਦਾ ਹੈ ਜੋ ਲਗਪਗ 13 ਦਿਨ ਚੱਲਦਾ ਹੈ। ਤੀਆਂ ਦਾ ਤਿਉਹਾਰ ਖਾਸ ਤੌਰ ’ਤੇ ਕੁੜੀਆਂ ਦਾ ਤਿਉਹਾਰ ਹੈ ਇਸ ਲਈ ਸਕੂਲ ਵੱਲੋਂ ਵਿਦਿਆਰਥਣਾਂ ਲਈ ਵਿਸ਼ੇਸ਼ ਤੌਰ ’ਤੇ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਰਵਜੀਤ ਕੌਰ ਬਰਾੜ ਨੇ ਵਿਦਿਆਰਥਣਾਂ ਨੂੰ ਤੀਆਂ ਦੇ ਤਿਉਹਾਰ ਦੇ ਮਹੱਤਤਾ ਤੋਂ ਜਾਣੂੰ ਕਰਵਾਇਆ। ਵਿਦਿਆਰਥਣਾਂ ਨੇ ਲੋਕ ਨਾਚ ਦੁਆਰਾ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ। ਜਿਸ ਵਿਚ ਤ੍ਰਿੰਝਣ, ਪੰਜਾਬੀ ਰਸੋਈ, ਪੀਘਾਂ, ਵਣਜਾਰਾ ਆਦਿ ਦ੍ਰਿਸ਼ ਸਭ ਲਈ ਆਕਰਸ਼ਣ ਦਾ ਕੇਂਦਰ ਸਨ। ਸਕੂਲ ਵੱਲੋਂ ਬੱਚਿਆਂ ਦੇ ਖਾਣ ਪੀਣ ਲਈ ਵੱਖ ਵੱਖ ਤਰ੍ਹਾਂ ਦੇ ਸਟਾਲ ਅਤੇ ਪੀਘਾਂ ਝੂਟਣ ਦਾ ਪ੍ਰਬੰਧ ਕੀਤਾ ਗਿਆ। ਪ੍ਰਿੰਸੀਪਲ ਠਾਕੁਰ ਨੇ ਕਿਹਾ ਕਿ ਅੱਜ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਧੀਆਂ ਦੇ ਰੂਪ ਵਿਚ ਧਰਤੀ ਉੱਤੇ ਸਵਰਗ ਉੱਤਰ ਆਇਆ ਹੋਵੇ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਨੂੰ ਹਮੇਸ਼ਾਂ ਨਵੀਂ ਪੀੜ੍ਹੀ ਨੂੰ ਅਮੀਰ ਪੰਜਾਬੀ ਸੱਭਿਆਚਾਰ ਨਾ ਜੋੜਦੇ ਹਨ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਸਕੂਲ ਵੱਲੋਂ ਕਰਵਾਏ ਪ੍ਰੋਗਰਾਮ ਦੀ ਸ਼ਲਾਘਾ ਕੀਤੀ।