ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਸਿਵਲ ਸਕੱਤਰੇਤ ਲੁਧਿਆਣਾ ਦੇ ਬਾਹਰ ਇਕੱਠੇ ਹੋਣ ਤੋਂ ਬਾਅਦ ਰੋਸ ਮਾਰਚ ਕਰਕੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਦਫਤਰ ਦਾ ਘਿਰਾਓ ਕੀਤਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਹਰਜੀਤ ਸਿੰਘ ਸੁਧਾਰ, ਗੁਰਦੀਪ ਸਿੰਘ ਚੀਮਾ, ਰਮਨਜੀਤ ਸਿੰਘ ਸੰਧੂ, ਟਹਿਲ ਸਿੰਘ ਸਰਾਭਾ, ਬਲਵਿੰਦਰ ਸਿੰਘ ਲਤਾਲਾ, ਅਜੀਤ ਪਾਲ ਸਿੰਘ ਜੱਸੋਵਾਲ, ਨਵਦੀਪ ਸਿੰਘ, ਧੰਨਾ ਸਿੰਘ ਸਵਦੀ ਦਵਿੰਦਰ ਸਿੰਘ ਸਿੱਧੂ, ਜਗਜੀਤ ਸਿੰਘ ਝਾਂਡੇ, ਅਰਵਿੰਦਰ ਸਿੰਘ ਭੰਗੂ, ਸੰਜੀਵ ਕੁਮਾਰ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਢੰਡੋਰਾ ਪਿੱਟਣ ਵਾਲੀ ਸੂਬਾ ਸਰਕਾਰ ਆਪਣੇ ਅਧਿਆਪਕਾਂ ਨਾਲ ਖੜ੍ਹਨ ਦੀ ਬਜਾਏ, ਟੈੱਟ ਦੇ ਨਾਮ ’ਤੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਸਿੱਖਿਆ ਵਿਭਾਗ ਵੱਲੋਂ 2011 ਤੋਂ ਪਹਿਲਾਂ ਜੁਆਇਨ ਹੋਏ ਅਧਿਆਪਕਾਂ ਉੱਪਰ ਵੀ ਧੱਕੇ ਨਾਲ ਟੈੱਟ ਦੀ ਸ਼ਰਤ ਥੋਪੀ ਜਾ ਰਹੀ ਹੈ। ਸਰਕਾਰ ਦੇ ਅਧਿਆਪਕਾਂ ਵਿਰੋਧੀ ਇਸ ਰਵੱਈਏ ਵਿਰੁੱਧ ਅੱਜ ਮੰਤਰੀ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਅਤੇ ਸਰਕਾਰ ਨੂੰ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਵਿਰੁੱਧ ਅਪੀਲ ਪਾਉਣ ਅਤੇ ਵਿਧਾਨ ਸਭਾ ਵਿੱਚ ਇਸ ਦੇ ਖ਼ਿਲਾਫ਼ ਮਤਾ ਲਿਆਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਟੈੱਟ ਦਾ ਮਸਲਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸਾਂਝੇ ਅਧਿਆਪਕ ਮੋਰਚੇ ਦੇ ਝੰਡੇ ਹੇਠ ਅਧਿਆਪਕ ਜਥੇਬੰਦੀਆਂ ਵੱਲੋਂ ਤਿੱਖੇ ਸੰਘਰਸ਼ ਵਿੱਢੇ ਜਾਣਗੇ।
ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਗੈਰ-ਵਿਦਿਅਕ ਡਿਊਟੀਆਂ ਨਾ ਲਾਉਣ ਦੀ ਮੰਗ
ਲੁਧਿਆਣਾ (ਖੇਤਰੀ ਪ੍ਰਤੀਨਿਧ): ਕੰਪਿਊਟਰ ਅਧਿਆਪਕ ਯੂਨੀਅਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੰਪਿਊਟਰ ਅਧਿਆਪਕਾਂ ਦੀਆਂ ਨਾਨ-ਟੀਚਿੰਗ ਕੰਮਾਂ ਵਿੱਚ ਡਿਊਟੀਆਂ ਨਾ ਲਾਉਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਕੀਤੇ ਇੱਕਠ ਦੌਰਾਨ ਅਧਿਆਪਕ ਆਗੂਆਂ ਨੇ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਗੈਰ-ਵਿਦਿਅਕ ਡਿਊਟੀਆਂ ਹਟਾਈਆਂ ਜਾਣ, ਭਵਿੱਖ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਕਿਸੇ ਵੀ ਗੈਰ-ਵਿਦਿਅਕ ਕੰਮ ਲਈ ਨਿਯੁਕਤ ਨਾ ਕੀਤਾ ਜਾਵੇ, ਇਸ ਸਬੰਧੀ ਲਿਖਤੀ ਹੁਕਮ ਜਾਰੀ ਕਰਨ ਦੀ ਮੰਗ ਕੀਤੀ। ਉਕਤ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਨਾਂ ਮੰਗ ਪੱਤਰ ਵੀ ਦਿੱਤਾ ਗਿਆ। ਯੂਨੀਅਨ ਦੇ ਪ੍ਰਧਾਨ ਹਰ ਰਾਏ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਹੈਲਥ ਕਾਰਡ ਅਤੇ ਹੋਰ ਗੈਰ-ਵਿਦਿਅਕ ਕੰਮਾਂ ਲਈ ਡਿਊਟੀਆਂ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ, ਇਸ ਨੂੂੰ ਲੈ ਕੇ ਅਧਿਆਪਕ ਵਰਗ ਵਿੱਚ ਚਿੰਤਾ ਪੈਦਾ ਹੋ ਗਈ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਮਾਰਚ ਮਹੀਨਾ ਸਾਲਾਨਾ ਪ੍ਰੀਖਿਆਵਾਂ ਦਾ ਹੁੰਦਾ ਹੈ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨਜ਼ਰਅੰਦਾਜ਼ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

